ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਆਸਟ੍ਰੇਲੀਆ ਦੌਰੇ ਵਿਚ ਦੋਵਾਂ ਮੁਲਕਾਂ ਦਰਮਿਆਨ ਕਈ ਅਹਿਮ ਸਮਝੌਤੇ ਹੋਏ, ਜਿਨ੍ਹਾਂ ਵਿਚ ਇਮੀਗ੍ਰੇਸ਼ਨ ਦੇ ਮੁੱਦੇ ’ਤੇ ਵਿਸ਼ੇਸ਼ ਤੌਰ ’ਤੇ ਦਸਤਖ਼ਤ ਹੋਏ ਹਨ। ਇਸੇ ਨਾਲ ਸੰਬੰਧਿਤ ਆਸਟ੍ਰੇਲੀਆ ਇਮੀਗ੍ਰੇਸ਼ਨ ਨੇ ਭਾਰਤੀ ਵਿਦਿਆਰਥੀਆਂ ਲਈ 1 ਜੁਲਾਈ ਤੋਂ ਵੀਜ਼ਾ ਨਿਯਮਾਂ ਵਿਚ ਕਈ ਅਹਿਮ ਬਦਲਾਅ ਕੀਤੇ ਹਨ।
ਜਿਥੇ ਹੁਣ ਤੱਕ ਸਾਲਾਨਾ 1, 60, 000 ਨਵੇਂ ਵੀਜ਼ਾ ਪ੍ਰਦਾਨ ਕਰਨ ਦਾ ਟੀਚਾ ਸੀ, ਉਥੇ ਹੀ ਹੁਣ ਇਸ ਨੂੰ ਵਧਾ ਕੇ 1, 90, 000 ਕਰ ਦਿੱਤਾ ਗਿਆ ਹੈ। ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਹੋਏ ਤਾਜ਼ਾ ਐਗਰੀਮੈਂਟ ਮੁਤਾਬਕ ਭਾਰਤੀ ਵਿਦਿਆਰਥੀ ਜੋ ਤੀਜੇ ਦਰਜੇ ਦੀ ਸਿੱਖਿਆ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਹਨ, ਉਹ ਹੁਣ ਸਿੱਖਿਆ ਪੂਰੀ ਕਰਨ ਤੋਂ ਬਾਅਦ ਬਿਨਾਂ ਕਿਸੇ ਵੀਜ਼ਾ ਸਪਾਂਸਰਸ਼ਿਪ ਦੇ ਆਸਟ੍ਰੇਲੀਆ ਵਿਚ 8 ਸਾਲ ਤੱਕ ਦਾ ਵਰਕ ਪਰਮਿਟ ਹਾਸਲ ਕਰ ਸਕਣਗੇ।
ਇਸ ਤੋਂ ਇਲਾਵਾ ਟੈਂਪਰੇਰੀ ਗ੍ਰੈਜੂਏਟ ਸਬ-ਕਲਾਸ 485 ਵੀਜ਼ਾ ਧਾਰਕਾਂ ਲਈ ਇਕ ਤੋਂ 2 ਸਾਲ ਦੇ ਵਾਧੂ ਪੋਸਟ ਸਟੱਡੀ ਵਰਕ ਰਾਈਟਸ ਵੀ ਮਿਲਣਗੇ। ਹੋਰ ਤਾਂ ਹੋਰ ਪਾਰਟ ਟਾਈਮ ਕੰਮ ਕਰਨ ਵਾਲੇ ਹੁਣ 40 ਘੰਟੇ ਦੀ ਬਜਾਏ 48 ਘੰਟੇ ਪ੍ਰਤੀ ਹਫ਼ਤਾ ਕੰਮ ਕਰ ਸਕਣਗੇ। ਇਮੀਗ੍ਰੇਸ਼ਨ ਦੇ ਇਸ ਨਵੇਂ ਪਾਇਲਟ ਪ੍ਰੋਗਰਾਮ ਨੂੰ ਮੈਟਸ ਨਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਇਸ ਦੇ ਤਹਿਤ ਬਹੁਤ ਜ਼ਿਆਦਾ ਮਾਹਿਰ ਲੋਕ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ, ਐਗਰੀਟੈੱਕ, ਫਿਨ ਟੈਕ ਆਦਿ ਪੇਸ਼ੇ ਤੋਂ ਆਉਂਦੇ ਹਨ, ਉਹ ਹੁਣ 2 ਸਾਲ ਤਕ ਦਾ ਵਰਕ ਪਰਮਿਟ ਹਾਸਲ ਕਰ ਸਕਣਗੇ।