ਕਾਠਮੰਡੂ : ਨੇਪਾਲ ਵਿਚ ਕਥਿਤ ਤੌਰ 'ਤੇ ਗ਼ੈਰ ਕਾਨੂੰਨੀ ਨੈੱਟਵਰਕਿੰਗ ਦਾ ਕਾਰੋਬਾਰ ਕਰਨ ਅਤੇ ਕਈ ਲੋਕਾਂ ਨੂੰ ਠੱਗਣ ਦੇ ਦੋਸ਼ ਵਿਚ 12 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਾਰੇ 12 ਦੋਸ਼ੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਕਾਠਮੰਡੂ ਦੇ ਇਕ ਹੋਟਲ ਤੋਂ ਸ਼ੁਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰੀ ਸਮੇਂ ਲੱਗਭਗ 300 ਨੇਪਾਲੀ ਲੋਕਾਂ ਲਈ ਗ਼ੈਰ ਕਾਨੂੰਨੀ ਨੈੱਟਵਰਕਿੰਗ ਦਾ ਕਾਰੋਬਾਰ ਚਲਾਉਣ ਦੇ ਉਦੇਸ਼ ਨਾਲ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਨੈੱਟਵਰਕਿੰਗ ਕਾਰੋਬਾਰ ਦੇ ਤਹਿਤ ਪੈਸਾ ਬਿਨਾਂ ਕਿਸੇ ਜਾਇਜ਼ ਚੈਨਲ ਦੇ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਸੀ। ਨੇਪਾਲ ਰਾਸ਼ਟਰੀ ਬੈਂਕ ਨੇ ਇਸ 'ਤੇ ਪਾਬੰਦੀ ਲਗਾ ਦਿਤੀ। ਮੈਟਰੋਪਾਲੀਟਨ ਕ੍ਰਾਈਮ ਰੇਂਜ ਨੇ ਕਿਹਾ ਕਿ ਸਾਰੇ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਕ ਅਧਿਕਾਰੀ ਨੇ ਦਸਿਆ ਕਿ ਗਿਫ਼ਤਾਰ ਲੋਕਾਂ ਨੇ ਪਹਿਲਾਂ ਹੀ ਕੰਪਨੀ ਦੇ ਨਾਮ 'ਤੇ ਕਈ ਨੇਪਾਲੀ ਲੋਕਾਂ ਨਾਲ ਧੋਖਾ ਕੀਤਾ ਹੈ।