Friday, November 22, 2024
 

ਲਿਖਤਾਂ

ਅਣਖ਼ੀ ਬਾਬਾ

March 21, 2021 04:54 PM

ਬਾਬੇ ਹੋਰੀਂ ਪੰਜ ਭਰਾ ਸਨ, ਪੰਜੇ ਭਰਾ ਬਹੁਤ ਇਮਾਨਦਾਰ ਤੇ ਗੁਰਸਿੱਖੀ ਜੀਵਨ ਦੇ ਧਾਰਨੀ ਸਨ। ਪੁਰਾਣੇ ਸਮਿਆਂ ਵਿਚ ਸਾਂਝੇ ਪ੍ਰਵਾਰ ਹੁੰਦੇ ਸਨ, ਭਾਵੇਂ ਕਿੰਨੇ ਵੀ ਭਾਈ ਵਿਆਹੇ ਹੋਏ ਹੋਣ ਸੱਭ ਦਾ ਚੁੱਲ੍ਹਾ ਇਕੱਠਾ ਹੁੰਦਾ ਸੀ। ਸੱਭ ਦੇ ਪ੍ਰਵਾਰ ਇਕ ਦੂਜੇ ਦਾ ਆਖਾ ਮੰਨਦੇ ਸਨ। ਅੱਜ ਵਾਂਗ ਤਲਖ਼ ਰਵਈਆ ਨਹੀਂ ਹੁੰਦਾ ਸੀ ਕਿ ਪ੍ਰਵਾਰ ਦਾ ਕੋਈ ਜੀਅ ਇਕ ਦੂਜੇ ਦਾ ਕਹਿਣਾ ਹੀ ਨਾ ਮੰਨੇ। ਹਰ ਪ੍ਰਵਾਰ ਵਿਚ ਇਕ ਘਰ ਦਾ ਮੁਖੀਆ ਹੁੰਦਾ ਸੀ। ਪ੍ਰਵਾਰ ਲਈ ਉਸ ਦਾ ਹਰ ਹੁਕਮ ਅਦੁਤੀ ਹੁੰਦਾ ਸੀ। ਪ੍ਰਵਾਰ ਦੇ ਹਰ ਜੀਅ ਤੇ ਘਰ ਦੇ ਮੁਖੀ ਦਾ ਥਾਣੇਦਾਰੀ ਵਾਲਾ ਰੋਹਬ ਹੁੰਦਾ ਸੀ। ਬਾਬੇ ਹੋਰਾਂ ਦੇ ਪ੍ਰਵਾਰ ਦਾ ਜੀਵਨ ਵੀ ਕੁੱਝ ਇਸ ਤਰ੍ਹਾਂ ਦਾ ਹੀ ਸੀ।
ਪੰਜਾਂ ਭਾਈਆਂ ਵਿਚੋਂ ਡਾਂਗ ਵਾਲਾ ਬਾਬਾ ਤੀਜੇ ਥਾਂ ਤੇ ਸੀ ਜਿਸ ਨੂੰ ਸਾਰੇ ਵੱਡਾ ਬਾਬਾ ਆਖਦੇ ਸਾਂ। ਇਹ ਬਾਬਾ ਗੁਰਸਿੱਖ ਲਿਬਾਸ ਦਾ ਪੂਰਾ ਧਾਰਨੀ ਸੀ। ਵੱਡੀ ਤੇ ਮੋਟੀ ਡਾਂਗ ਉਸ ਦਾ ਜਥੇਦਾਰੀ ਹਥਿਆਰ ਸੀ। ਬਾਬਾ ਜੀ ਉਸ ਡਾਂਗ ਨੂੰ ਵਰਤਣ ਤੋਂ ਰਤਾ ਭਰ ਵੀ ਗ਼ੁਰੇਜ਼ ਨਹੀਂ ਸੀ ਕਰਦੇ। ਇਸ ਬਾਬੇ ਦਾ ਵਿਆਹ ਵੀ ਭਾਵੇਂ ਹੋਇਆ ਸੀ ਪਰ ਛੇਤੀ ਹੀ ਉਸ ਦੇ ਘਰਵਾਲੀ ਰੱਬ ਨੂੰ ਪਿਆਰੀ ਹੋ ਗਈ ਸੀ। ਉਸ ਦੇ ਘਰ ਇਕ ਹੀ ਪੁਤਰੀ ਨੇ ਜਨਮ ਲਿਆ ਸੀ, ਅਸੀ ਸਾਰੇ ਬੱਚੇ ਉਸ ਨੂੰ ਵੱਡੀ ਭੂਆ ਕਹਿੰਦੇ ਸਾਂ। ਬਾਬੇ ਦੀ ਇਕੱਲੀ ਧੀ ਹੋਣ ਕਾਰਨ ਉਸ ਦੀ ਸਾਰੇ ਘਰ ਵਾਲੇ ਬਹੁਤ ਖ਼ਾਤਰਦਾਰੀ ਕਰਦੇ ਸਨ। ਸਮੇਂ ਦੀ ਕਰਵਟ ਨਾਲ ਪੰਜੇ ਭਾਈਆਂ ਦੇ ਪ੍ਰਵਾਰ ਭਾਵੇਂ ਅੱਗੇ ਜਾ ਕੇ ਅੱਡ-ਅੱਡ ਵੀ ਹੋ ਗਏ ਪਰ ਇਹ ਵੱਡਾ ਬਾਬਾ ਸੱਭ ਦਾ ਵੱਡਾ ਸੀ ਤੇ ਸਾਝਾਂ ਬਾਬਾ ਸੀ। ਸਾਰੇ ਪ੍ਰਵਾਰਾਂ ਦੇ ਘਰ ਇਕ ਹੀ ਚਾਰਦੀਵਾਰੀ ਅੰਦਰ ਸਨ ਤੇ  ਸਾਂਝਾ ਇਕ ਗੇਟ ਹੁੰਦਾ ਸੀ।  ਰਾਤ ਵੇਲੇ ਜਦ ਵੱਡਾ ਬਾਬਾ ਘਰ ਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਨਾ ਕੋਈ ਘਰ ਆ ਸਕਦਾ ਸੀ ਤੇ ਨਾ ਕੋਈ ਬਾਹਰ ਜਾ ਸਕਦਾ ਸੀ, ਭਾਵ ਘਰ ਵਿਚ ਡਾਂਗ ਵਾਲੇ ਬਾਬੇ ਦੀ ਪੂਰੀ ਥਾਣੇਦਾਰੀ ਚਲਦੀ ਸੀ। ਉਹ ਬਾਬਾ ਏਨਾ ਫ਼ੱਕਰ ਸੁਭਾਅ ਦਾ ਸੀ ਕਿ ਕਈ-ਕਈ ਮਹੀਨੇ ਉਹ ਇਤਿਹਾਸਕ ਗੁਰਦਵਾਰਿਆਂ ਵਿਚ ਹੀ ਰਹਿ ਆਉਂਦਾ ਸੀ।
ਬਾਬਾ ਅੰਮ੍ਰਿਤਧਾਰੀ ਪੂਰਾ ਗੁਰਸਿੱਖ ਸੀ। ਉਹ ਬਾਬਾ ਕਦੇ ਨਾ ਡੋਲਣ ਵਾਲਾ, ਸਗੋਂ ਪੂਰਾ ਸਖ਼ਤ ਮਨੁੱਖ ਸੀ। ਸਾਰੇ ਘਰਾਂ ਦੀਆਂ ਬਹੂ-ਬੇਟੀਆਂ ਬਾਬੇ ਦੀ ਪੂਰੀ ਇੱਜ਼ਤ ਕਰਦੀਆਂ ਸਨ। ਬਾਬੇ ਦੀ ਸਾਰੇ ਘਰਾਂ ਵਿਚ ਏਨੀ ਸਖ਼ਤ ਪਹਿਰੇਦਾਰੀ ਸੀ ਕਿ ਘਰ ਦੀ ਕੋਈ ਵੀ ਲੜਕੀ ਹੱਥਾਂ ਤੇ ਮਹਿੰਦੀ, ਨਹੁੰ ਪਾਲਸ਼, ਬਾਹਾਂ ਵਿਚ ਚੂੜੀਆਂ ਪਾ ਕੇ ਬਾਬੇ ਦੇ ਸਾਹਮਣੇ ਆਉਣ ਤੋਂ ਗ਼ੁਰੇਜ਼ ਕਰਦੀ ਸੀ। ਬਾਬੇ ਦੇ ਘਰ ਹੁੰਦਿਆਂ ਸ਼ੀਸ਼ੇ ਅੱਗੇ ਖੜਨਾ ਤਾਂ ਦੂਰ ਦੀ ਗੱਲ ਸੀ, ਕੁਆਰੀਆਂ ਕੁੜੀਆਂ ਨੂੰ ਰਿਸ਼ਤੇਦਾਰੀ ਵਿਚ ਜਾਣ ਤੋਂ ਵੀ ਮਨਾਹੀ ਸੀ। ਬਾਬਾ ਮੁੰਡਿਆਂ ਨੂੰ ਬਹੁਤਾ ਸਹੁਰੀਂ ਜਾਣ ਤੋਂ ਵੀ ਵਰਜਦਾ ਸੀ। ਹਰ ਸਮੇਂ ਸਿਰ ਕੱਜ ਕੇ ਰਖਣਾ ਅਤੀ ਜ਼ਰੂਰੀ ਸੀ। ਇਥੋਂ ਤਕ ਕਿ ਘਰ ਦੇ ਮਰਦ ਵੀ ਹਰ ਸਮੇਂ ਸਿਰ ਤੇ ਪਰਨਾ ਜਾਂ ਸਾਫ਼ਾ ਬੰਨ੍ਹ ਕੇ ਰਖਦੇ ਸਨ। ਸਾਰੇ ਘਰਾਂ ਦੀਆਂ ਕੁੜੀਆਂ ਦੇ ਰਿਸ਼ਤੇ ਉਹ ਖ਼ੁਦ ਕਰ ਕੇ ਆਉਂਦਾ ਸੀ, ਉਸ ਦੇ ਕੀਤੇ ਰਿਸ਼ਤੇ ਤੇ ਕੋਈ ਪੁਨਰ ਵਿਚਾਰ ਦੀ ਹਿੰਮਤ ਨਹੀਂ ਰਖਦਾ ਸੀ। ਉਸ ਬਾਬੇ  ਦੇ ਹੁਣ ਤਕ ਕੀਤੇ ਹੋਏ ਰਿਸ਼ਤੇ ਪੂਰੇ ਸਫ਼ਲ ਵੀ ਸਿੱਧ ਹੋਏ। ਗੱਲ ਕੀ ਬਾਬੇ ਦਾ ਅਪਣਾ ਨਿਯਮਾਂਵਲੀ ਸੰਸਾਰ ਸੀ। ਬਾਬਾ ਕੇਸਾਂ ਜਾਂ ਰੋਮਾਂ ਦੀ ਬੇਅਦਬੀ ਕਰਨ ਦਾ ਸਖ਼ਤ ਵਿਰੋਧੀ ਸੀ। ਉਸ ਦੇ ਜਿਊਂਦੇ ਜੀਅ ਕਿਸੇ ਵੀ ਘਰ ਦਾ ਕੋਈ ਮੈਂਬਰ ਕੇਸਾਂ ਦੀ ਬੇਅਦਬੀ ਕਰਨ ਦੀ ਕੁਤਾਹੀ ਨਹੀਂ ਸੀ ਕਰ ਸਕਦਾ।
ਅੱਜ ਦੇ ਹਾਲਾਤ ਵੇਖ ਕੇ ਮਨ ਉਦਾਸ ਹੋ ਜਾਂਦਾ ਹੈ ਕਿ ਸਾਡੇ ਬੱਚੇ ਕਿਧਰ ਨੂੰ ਜਾ ਰਹੇ ਹਨ। ਪੰਜ ਕੰਕਾਰਾਂ ਦੀ ਸਾਬਤ ਸੂਰਤ ਸਾਡੀ ਅਲੋਪ ਹੋ ਰਹੀ ਹੈ। ਅੱਜ ਤਾਂ ਵਿਆਹ ਵਾਲੇ ਦਿਨ ਵੀ ਲਾੜੇ ਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ। ਇਹ ਸੱਭ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਘਾਤਕ ਹੈ। ਉਸ ਬਾਬੇ ਦੇ ਨਿਯਮਾਂ ਵਾਲੇ ਸਖ਼ਤ ਸੁਭਾਅ ਕਰ ਕੇ ਤਾਂ ਘਰ ਆਏ ਕਿਨਰ ਵੀ ਕਹਿ ਦਿੰਦੇ ਸਨ ਕਿ ਛੇਤੀ ਕਰੋ, ਸਾਨੂੰ ਵਧਾਈ ਦਿਉ ਤੇ ਅਸੀ ਚਲਦੇ ਬਣੀਏ ਕਿਤੇ ਥੋਡਾ ਵੱਡਾ ਬਾਬਾ ਜੀ ਈ ਨਾ ਆ ਜਾਏ। ਵਿਆਹ ਸ਼ਾਦੀ ਵਿਚ ਵੀ ਘਰ ਦੀ ਬਹੂ-ਬੇਟੀ ਨੂੰ ਗਿੱਧੇ ਵਿਚ ਨੱਚਣ ਤੋਂ ਆਗਿਆ ਨਹੀਂ ਸੀ। ਗੱਲ ਕੀ  ਬਾਬੇ ਦਾ ਅਪਣੇ ਨਿਯਮਾਂ ਨਾਲ ਕੋਈ ਸਮਝੌਤਾ ਨਹੀਂ ਸੀ। ਪਹਿਲਾਂ ਮੇਰੀ ਦਾਦੀ ਤੋਂ ਉਤੇ ਫਿਰ ਅਗਲੀ ਪੀੜ੍ਹੀ ਦੀਆਂ ਬਜ਼ੁਰਗ ਔਰਤਾਂ ਤੋਂ ਉਸ ਨੇ ਡਾਂਗ ਤੇ ਰੋਟੀ ਖਾਧੀ ਸੀ। ਡਾਂਗ ਮਾਰਨ ਤੋਂ ਬਾਬਾ ਕਿਸੇ ਛੋਟੇ ਵੱਡੇ ਦਾ ਵੀ ਲਿਹਾਜ਼ ਨਹੀਂ ਸੀ ਕਰਦਾ। ਜਿਵੇਂ ਬਾਬੇ ਦੀ ਘਰਵਾਲੀ ਬਹੁਤ ਛੇਤੀ ਚਲਾਣਾ ਕਰ ਗਈ ਸੀ, ਧੀ ਵਿਆਹੀ ਗਈ ਸੀ, ਨਾ ਕੋਈ ਪੁਤਰ ਸੀ ਪਰ ਫਿਰ ਵੀ ਉਸ ਬਾਬੇ ਨੇ ਬੜੀ ਇੱਜ਼ਤ ਵਾਲੀ ਜ਼ਿੰਦਗੀ ਬਤੀਤ ਕੀਤੀ। ਅਜਕਲ ਪੁਤਰਾਂ ਵਾਲੇ ਬਾਬਿਆਂ ਲਈ ਵੀ ਜਦ ਬਿਰਧ ਘਰ ਉਸਰ ਰਹੇ ਹਨ ਤਾਂ ਮਨ ਬਹੁਤ ਉਦਾਸ ਹੁੰਦਾ ਹੈ ਕਿ ਸਾਡਾ ਪੰਜਾਬੀ ਤੇ ਸਰਦਾਰੀ ਵਜੂਦ ਕਿੱਧਰ ਗੁਆਚ ਰਿਹਾ ਹੈ। ਅੱਜ ਬਾਬੇ ਅਪਣੇ ਸਕੇ ਪੁੱਤਰ ਧੀਆਂ, ਪੋਤਰੇ-ਪੋਤੀਆਂ ਨੂੰ ਵੀ ਵਰਜਣ ਦੀ ਹਿੰਮਤ ਨਹੀਂ ਕਰ ਸਕਦੇ। ਕਿਥੇ ਸਾਡੇ ਉਹ ਅਣਖ਼ੀ ਬਾਬੇ ਸਨ ਜਿਨ੍ਹਾਂ ਦਾ ਡਾਂਗ ਤੇ ਡੇਰਾ ਹੁੰਦਾ ਸੀ ਤੇ ਕਿਥੇ ਅੱਜ ਦੇ ਬੇ-ਸਹਾਰਾ ਬਾਬੇ ਨੇ ਜਿਨ੍ਹਾਂ ਨੂੰ ਅਪਣੀ ਆਖ਼ਰੀ ਜ਼ਿੰਦਗੀ ਆਸਰਾ ਘਰਾਂ ਵਿਚ ਗੁਜ਼ਾਰਨੀ ਪੈਂਦੀ ਹੈ। ਕਾਸ਼! ਉਹ ਬਾਬੇ ਮੁੜ ਆਉਣ ਤੇ ਮੇਰੇ ਪੰਜਾਬ ਦਾ ਉਹ ਵਿਰਸਾ ਸਾਨੂੰ ਮੁੜ ਮਿਲ ਜਾਏ।
ਪਿਛਲੀ ਉਮਰੇ ਉਸ ਬਾਬੇ ਦੀ ਸੇਵਾ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ। ਉਹ ਮੈਨੂੰ ਛੋਟੀਆਂ-ਛੋਟੀਆਂ ਗੱਲਾਂ ਸਮਝਾਉਂਦਾ ਕਿ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਕਦੇ ਚੋਰੀ ਨਹੀਂ ਕਰਨੀ ਚਾਹੀਦੀ, ਪਸ਼ੂਆਂ ਪੰਛੀਆਂ ਤੇ ਹਮੇਸ਼ਾ ਦਇਆ ਕਰਨੀ ਚਾਹੀਦੀ ਹੈ। ਹਰ ਰੋਜ਼ ਸਕੂਲ ਪੜ੍ਹਨ ਜਾਉ, ਵੱਡਿਆਂ ਦਾ ਆਦਰ ਕਰੋ ਤੇ ਬੱਚਿਆਂ ਨੂੰ ਪਿਆਰ ਕਰੋ! ਸਵੇਰੇ ਅੰਮ੍ਰਿਤ ਵੇਲੇ ਉੱਠੋ, ਬਾਬੇ ਦੀਆਂ ਇਨ੍ਹਾਂ ਗੱਲਾਂ ਨੇ ਹੀ ਮੈਨੂੰ ਜ਼ਿੰਦਗੀ ਵਿਚ ਸਫ਼ਲ ਬਣਾਇਆ। ਅੱਜ ਵੀ ਉਹ ਬਾਬਾ ਮੇਰਾ ਰਾਹ ਦਸੇਰਾ ਹੈ। ਉਸ ਦੀਆਂ ਇਹ ਗੱਲਾਂ ਅੱਜ ਵੀ ਮੇਰੇ ਜ਼ਿਹਨ ਵਿਚ ਹਨ। ਸਾਡੇ ਲਈ ਉਹ ਡਾਂਗ ਵਾਲਾ ਬਾਬਾ ਜਾਂ ਵੱਡਾ ਬਾਬਾ ਸੀ, ਪਰ ਪਿੰਡ ਲਈ ਉਹ, ਬਾਬਾ ਗੱਜਣ ਸਿੰਘ ਖਾਲਸਾ ਸੀ।

 

Have something to say? Post your comment

Subscribe