ਕੋਲੋਰਾਡੋ : ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਰਾਜਧਾਨੀ ਡੇਨਵਰ ਵਿਚ ਖ਼ਤਰਨਾਕ ਬਰਫੀਲੇ ਤੂਫ਼ਾਨ ਨੇ ਸਾਰਿਆਂ ਨੂੰ ਘੇਰ ਰੱਖਿਆ ਹੈ ਇਸੇ ਕਾਰਨ 2400 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿਤੀਆਂ ਹਨ। ਤੂਫ਼ਾਨ ਕਾਰਨ ਮੁੱਖ ਹਾਈਵੇਅ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡੈਨਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਤੂਫ਼ਾਨ ਨੇ ਪਿੱਛਲੇ 140 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਕੋਲੋਰਾਡੋ, ਵਿਓਮਿੰਗ ਅਤੇ ਨੇਬ੍ਰਾਸਕਾ ਸਮੇਤ 6 ਸੂਬਿਆਂ ਵਿਚ 48 ਘੰਟਿਆਂ ਵਿਚ 5 ਫੁੱਟ ਤੱਕ ਬਰਫ਼ ਡਿੱਗੀ। ਮੁੱਖ ਹਾਈਵੇਜ਼ ’ਤੇ ਹਾਲਾਤ ਖ਼ਰਾਬ ਹੋਣ ਕਾਰਨ ਕਈ ਕਾਰਾਂ ਬਰਫ਼ ਵਿਚ ਫੱਸ ਗਈਆਂ, ਜਿਨ੍ਹਾਂ ਨੂੰ ਕਾਫ਼ੀ ਘੰਟਿਆਂ ਦੀ ਮੁਸ਼ਕਤ ਦੇ ਬਾਅਦ ਸੜਕਾਂ ਤੋਂ ਬਰਫ਼ ਹਟਾ ਕੇ ਆਵਾਜਾਈ ਸ਼ੁਰੂ ਕੀਤੀ ਗਈ। ਰਾਸ਼ਟਰੀ ਵਿਭਾਗ ਨੇ ਹੋਰ ਬਰਫ਼ ਪੈਣ ਦੀ ਸੰਭਾਵਨਾ ਜਤਾਈ ਹੈ। ਦੱਸ ਦੇਈਏ ਕਿ ਫਰਵਰੀ ਮਹੀਨੇ ਵਿਚ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਸੀ। ਤੂਫ਼ਾਨ ਅਤੇ ਠੰਡ ਕਾਰਨ 21 ਲੋਕਾਂ ਦੀ ਮੌਤ ਹੋਈ ਸੀ।