ਰਾਜਸਥਾਨ ਐੱਸਟੀਐੱਫ ‘ਤੇ ਕੈਂਟ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਦੋ ਫੜੇ
ਫਿਰੋਜ਼ਪੁਰ (ਏਜੰਸੀਆਂ) : ਚਾਰ ਕਿਲੋ ਹੈਰੋਇਨ ਦੇ ਮਾਮਲੇ ਵਿੱਚ ਨਾਮਜਦ ਤਸਕਰਾਂ ਨੂੰ ਫੜਨ ਆਈ ਰਾਜਸਥਾਨ ਤੋਂ ਆਈ.ਐੱਸ.ਟੀ.ਐੱਫ ਦੀ ਟੀਮ ਅਤੇ ਥਾਣਾ ਕੈਂਟ (ਫਿਰੋਜ਼ਪੁਰ) ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਤਸਕਰਾਂ ਨੂੰ ਭਜਾਉਣ ‘ਚ ਮਦਦ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਹੈ। ਜਿਸ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰੀ ਹੈ। ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਜੋ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੀ ਐਸਟੀਐਫ ਦੀ ਟੀਮ ਸ਼ਨੀਵਾਰ ਦੇਰ ਰਾਤ ਫਿਰੋਜ਼ਪੁਰ ਦੀ ਥਾਣਾ ਕੈਂਟ ਪੁਲਿਸ ਨੂੰ ਨਾਲ ਲੈ ਕੇ ਚਾਰ ਕਿਲੋ ਹੈਰੋਇਨ ਦੇ ਮਾਮਲੇ ਵਿੱਚ ਨਾਮਜਦ ਮੁਲਜ਼ਮਾਂ ਨੂੰ ਫੜਨ ਲਈ ਫਿਰੋਜ਼ਪੁਰ ‘ਚ ਆਈ ਸੀ ਪਰ ਜਰਨੈਲ ਸਿੰਘ ਨਾਮ ਦਾ ਵਿਅਕਤੀ ਤਸਕਰਾਂ ਨੂੰ ਭਜਾਉਣ ‘ਚ ਮਦਦ ਕਰ ਰਿਹਾ ਸੀ। ਜਿਸ ਕਾਰਨ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖਮੀਂ ਹੋ ਗਿਆ ਜਦਕਿ ਦੋ ਜਣਿਆ ਨੂੰ ਗ੍ਰਿਫਤਾਰ ਕਰ ਲਿਆ ਹੈ ‘ਤੇ ਇੱਕ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਜਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਪੁਲਿਸ ਦੀ ਕਾਰਵਾਈ ਨੂੰ ਝੂਠ ਦਾ ਪੁਲੰਦਾ ਦੱਸਿਆ। ਐਸਐਚਓ ਥਾਣਾ ਕੈਂਟ ਕਿਰਪਾਲ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਰਨੈਲ ਸਿੰਘ ਦੇ ਗੋਲੀ ਲੱਗੀ ਹੈ। ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।