ਟੋਕੀਓ : ਦਖਣੀ-ਪੱਛਮੀ ਜਾਪਾਨ ਵਿਚ ਸ਼ੁਕਰਵਾਰ ਨੂੰ ਭੂਚਾਲ ਦੇ ਦੋਹਰੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦਸਿਆ ਕਿ ਭੂਚਾਲ ਮਿਆਜਾਕੀ ਸੂਬੇ ਦੀ ਰਾਜਧਾਨੀ ਮਿਆਜਾਕੀ-ਸ਼ੀ ਤੋਂ 44 ਕਿਲੋਮੀਟਰ ਦੂਰ ਸੀ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 7:43 'ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.6 ਦਰਜ ਕੀਤੀ ਗਈ। ਇਸ ਦੇ ਕੁਝ ਦੇਰ ਬਾਅਦ ਹੀ ਇਸੇ ਖੇਤਰ ਵਿਚ ਸਵੇਰੇ 8:48 ਵਜੇ ਭੂਚਾਲ ਦਾ ਦੂਜਾ ਝਟਕਾ ਆਇਆ, ਜਿਸ ਦੀ ਤੀਬਰਤਾ 6.3 ਦੀ ਮਾਪੀ ਗਈ। ਭੂਚਾਲ ਦਾ ਕੇਂਦਰ ਮਿਆਜਾਕੀ ਦੇ 39 ਕਿਲੋਮੀਟਰ ਦਖਣ-ਪੂਰਬ ਵਿਚ ਜ਼ਮੀਨ ਤੋਂ 23 ਕਿਲੋਮੀਟਰ ਡੂੰਘਾਈ ਵਿਚ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਕਿਊਸ਼ੂ ਇਲੈਕਟ੍ਰਿਕ ਪਾਵਰ ਕੰਪਨੀ ਨੇ ਦਸਿਆ ਕਿ ਭੂਚਾਲ ਕਾਰਨ ਕਾਗੋਸ਼ਿਮਾ ਸਥਿਤ ਸੇਂਦਾਈ ਪਰਮਾਣੂ ਊਰਜ ਪਲਾਂਟ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਨਾਲ ਹੀ ਜਾਪਾਨ ਦੇ ਮੌਸਮ ਵਿਗਿਆਨ ਨੇ ਕਿਹਾ ਹੈ ਕਿ ਇਸ ਨਾਲ ਸਮੁੰਦਰ ਦੇ ਜਲ ਪੱਧਰ ਵਿਚ ਮਾਮੂਲੀ ਤਬਦੀਲੀ ਦਿਖਾਈ ਦੇ ਸਕਦੀ ਹੈ ਪਰ ਸੁਨਾਮੀ ਸੰਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।