ਯਾਂਗੂਨ (ਏਜੰਸੀਆਂ) : ਮਿਆਂਮਾਰ ਵਿਚ ਅੱਕੇ ਲੋਕਾਂ ਨੇ ਕਰਫ਼ਿਊ ਤੋੜ ਦਿਤਾ ਅਤੇ ਸੜਕਾਂ ਉਤੇ ਉਤਰ ਆਏ। ਲੋਕਾਂ ਦੀ ਇਹ ਮੰਗ ਸੀ ਕਿ ਸੁਰੱਖਿਆ ਬਲਾਂ ਵੱਲੋਂ ਹਿਰਾਸਤ ਵਿਚ ਲਏ ਗਏ ਲੱਗਭਗ 200 ਵਿਦਿਆਰਥੀਆਂ ਨੂੰ ਰਿਹਾਅ ਕੀਤਾ ਜਾਵੇ। ਇਸ ਦੇ ਵਿਰੋਧ ਵਿਚ ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਇਹਨਾਂ ਪ੍ਰਦਰਸ਼ਨਾਂ ਦੀ ਕਵਰੇਜ ਕਰਨ ਸਬੰਧੀ 5 ਮੀਡੀਆ ਸੰਸਥਾਵਾਂ ’ਤੇ ਪਾਬੰਦੀ ਵੀ ਲਾ ਦਿੱਤੀ। ਦਸਣਯੋਗ ਹੈ ਕਿ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਪਿਛਲੇ ਮਹੀਨੇ ਹਟਾ ਕੇ ਸੈਨਾ ਵੱਲੋਂ ਕੀਤੇ ਤਖਤਾਪਲਟ ਦੇ ਵਿਰੋਧ ਵਿਚ ਰੋਜ਼ਾਨਾ ਮਿਆਂਮਾਰ ਦੇ ਨਾਗਰਿਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਜਿਨ੍ਹਾਂ ਮੀਡੀਆ ’ਤੇ ਪਾਬੰਦੀ ਲਾਈ ਹੈ ਉਨ੍ਹਾਂ ਵਿਚ ਪੰਜ ਮੀਡੀਆ ਸੰਸਥਾਵਾਂ ਮਿਜਿਮਾ, ਡੀਵੀਬੀ ਖਿਤ ਥਿਤ ਮੀਡੀਆ, ਮਿਆਂਮਾ ਨਾਉ ਅਤੇ ਸੈਵਨ ਡੇਅ ਨਿਊਜ਼ ਹਨ ਜਿਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਸਰਕਾਰੀ ਚੈਨਲ ’ਤੇ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਮੀਡੀਆ ਕੰਪਨੀਆਂ ਨੂੰ ਕਿਸੇ ਵੀ ਮੰਚ ਜਾਂ ਤਕਨੀਕ ਤੋਂ ਪ੍ਰਸਾਰਨ ਕਰਨ ਦੀ ਇਜਾਜ਼ਤ ਨਹੀਂ ਹੈ।
ਜਾਣਕਾਰੀ ਮੁਤਾਬਕ ਇਹ ਪੰਜ ਮੀਡੀਆ ਸੰਸਥਾਵਾਂ ਪ੍ਰਦਰਸ਼ਨ ਨਾਲ ਸਬੰਧਤ ਖ਼ਬਰਾਂ ਦਾ ਸਿੱਧਾ ਪ੍ਰਸਾਰਨ ਕਰ ਰਹੀਆਂ ਸਨ।