ਲੰਡਨ, (ਏਜੰਸੀਆਂ): ਬ੍ਰਿਟਿਸ਼ ਸ਼ਾਹੀ ਪਰਿਵਾਰ 'ਤੇ ਦੋਸ਼ ਲਗਾਇਆ ਕਿ ਉਹਨਾਂ ਦੇ ਬੇਟੇ ਦੇ ਸੰਭਾਵਿਤ ਰੰਗ ਨੂੰ ਲੈਕੇ ਸ਼ਾਹੀ ਪਰਿਵਾਰ ਚਿੰਤਤ ਹੈ। ਅਫਰੀਕੀ-ਅਮਰੀਕੀ ਮੇਗਨ ਮਰਕੇਲ ਮੁਤਾਬਕ ਉਹਨਾਂ ਦੇ ਪਤੀ ਪ੍ਰਿੰਸ ਹੈਰੀ ਨੇ ਆਰਚੀ ਦੀ ਸਕਿਨ ਦੇ ਰੰਗ ਸੰਬੰਧੀ ਆਪਣੇ ਪਰਿਵਾਰ ਦੀਆਂ ਚਿੰਤਾਵਾਂ ਦੇ ਬਾਰੇ ਦੱਸਿਆ ਸੀ। ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਰਕੇਲ ਨੇ ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫ੍ਰੇ ਨਾਲ ਇਕ ਇੰਟਰਵਿਊ ਵਿਚ ਪਰਦਾ ਚੁੱਕਦਿਆਂ ਕਿਹਾ ਕਿ ਜਾਣਬੁੱਝ ਕੇ ਉਹਨਾਂ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਵਾਰਤਾ ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਹੀ।
CBS 'ਤੇ ਪ੍ਰਸਾਰਿਤ ਹੋਏ ਇਸ ਇੰਟਰਵਿਊ ਨੂੰ ਪੂਰੀ ਦੁਨੀਆ ਵਿਚ ਦੇਖਿਆ ਜਾ ਰਿਹਾ ਹੈ। ਹੈਰੀ ਨੇ ਅਮਰੀਕੀ ਟੀਵੀ ਹੋਸਟ ਓਪਰਾ ਵਿਨਫ੍ਰੇ ਨੂੰ ਦੱਸਿਆ ਕਿ ਮੇਗਨ ਨਾਲ ਮਹਿਲ ਵਿਚ ਜੋ ਹੋ ਰਿਹਾ ਸੀ ਉਸ ਨਾਲ ਉਹਨਾਂ ਨੂੰ ਆਪਣੀ ਮਾਂ ਡਾਇਨਾ ਦੀ ਯਾਦ ਆ ਗਈ। ਉਹਨਾਂ ਨੂੰ ਲੱਗਿਆ ਕਿ ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ। ਦੋਹਾਂ ਨੇ ਓਪਰਾ ਜ਼ਰੀਏ ਦੁਨੀਆ ਨੂੰ ਇਹ ਖੁਸ਼ਖ਼ਬਰੀ ਵੀ ਦਿੱਤੀ ਕਿ ਉਹਨਾਂ ਦੇ ਘਰ ਇਕ ਬੇਟੀ ਦੀ ਕਿਲਕਾਰੀ ਗੂੰਜਣ ਵਾਲੀ ਹੈ। ਮੇਗਨ ਨੇ ਓਪਰਾ ਨੂੰ ਦੱਸਿਆ ਕਿ ਮਹਿਲ ਵਿਚ ਗੱਲਾਂ ਹੁੰਦੀਆਂ ਸਨ ਕਿ ਉਹਨਾਂ ਦੇ ਬੇਟੇ ਆਰਚੀ ਨੂੰ ਪ੍ਰਿੰਸ ਦਾ ਟਾਈਟਲ ਨਹੀਂ ਦਿੱਤਾ ਜਾਵੇਗਾ ਅਤੇ ਉਸ ਨੂੰ ਸੁਰੱਖਿਆ ਨਹੀਂ ਮਿਲੇਗੀ। ਮੇਗਨ ਨੇ ਓਪਰਾ ਨੂੰ ਦੱਸਿਆ ਕਿ ਉਹਨਾਂ ਨੇ ਪ੍ਰਿੰਸ ਹੈਰੀ ਨਾਲ ਵਿਆਹ ਦੇ ਜਨਤਕ ਸਮਾਰੋਹ ਤੋਂ 3 ਦਿਨ ਪਹਿਲਾਂ ਵਿਆਹ ਕਰ ਲਿਆ ਸੀ। ਮੇਗਨ ਨੇ ਕਿਹਾ ਕਿ ਵਿਆਹ ਦੇ ਦਿਨ ਉਹਨਾਂ ਨੂੰ ਪਤਾ ਸੀ ਕਿ ਇਹ ਦਿਨ ਉਹਨਾਂ ਅਤੇ ਹੈਰੀ ਲਈ ਨਹੀਂ ਸੀ ਸਗੋਂ ਇਹ ਦਿਨ ਦੁਨੀਆ ਲਈ ਸੀ।
ਹੈਰੀ ਨੇ ਉਪਰਾ ਨੂੰ ਦੱਸਿਆ ਕਿ ਉਹਨਾਂ ਦੇ ਆਸਟ੍ਰੇਲੀਆ ਦੇ ਟੂਰ 'ਤੇ ਮੇਗਨ ਨੂੰ ਲੋਕਾਂ ਨਾਲ ਸੰਪਰਕ ਕਰਦਿਆਂ ਦੇਖ ਕੇ ਸਾਰਿਆਂ ਨੂੰ ਈਰਖਾ ਹੋ ਰਹੀ ਸੀ। ਹੈਰੀ ਨੇ ਆਪਣੇ ਪਿਤਾ ਪ੍ਰਿੰਸ ਚਾਰਲਸ ਅਤੇ ਭਰਾ ਪ੍ਰਿੰਸ ਵਿਲੀਅਮ ਨੂੰ ਮਹਿਲ ਵਿਚ ਫਸਿਆ ਹੋਇਆ ਦੱਸਿਆ ਅਤੇ ਕਿਹਾ ਕਿ ਉਹ ਲੋਕ ਬਾਹਰ ਨਹੀਂ ਨਿਕਲ ਸਕਦੇ ਜਿਸ ਸੰਸਥਾ ਉਹ ਪੈਦਾ ਹੋਏ ਹਨ। ਮੇਗਨ ਨੇ ਉਪਰਾ ਨੂੰ ਦੱਸਿਆ ਕਿ ਮਹਾਰਾਣੀ ਐਲੀਜ਼ਾਬੇਥ ਦਾ ਵਿਵਹਾਰ ਉਹਨਾਂ ਨਾਲ ਕਾਫੀ ਚੰਗਾ ਸੀ। ਉਹਨਾਂ ਤੋ ਪਹਿਲਾਂ ਪ੍ਰੈੱਸ ਟੂਰ 'ਤੇ ਮਹਾਰਾਣੀ ਨੇ ਮੇਗਨ ਨਾਲ ਕੰਬਲ ਵੀ ਸ਼ੇਅਰ ਕੀਤਾ ਸੀ। ਭਾਵੇਂਕਿ ਉਹਨਾਂ ਨੂੰ ਮਹਿਲ ਵਿਚ ਇਕ ਸੀਮਾ ਵਿਚ ਰੱਖਿਆ ਜਾਂਦਾ ਸੀ ਜਿਸ ਦੀ ਤੁਲਨਾ ਮੇਗਨ ਨੇ ਕੋਵਿਡ-19 ਤਾਲਾਬੰਦੀ ਨਾਲ ਕੀਤੀ। ਮੇਗਨ ਨੇ ਬ੍ਰਿਟਿਸ਼ ਅਖ਼ਬਾਰਾਂ ਦੀ ਉਹਨਾਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਜਿਹਨਾਂ ਵਿਚ ਦਾਅਵਾ ਕੀਤਾ ਗਿਆ ਸੀ ਉਹਨਾਂ ਨੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਨੂੰ ਆਪਣੇ ਵਿਆਹ ਮੌਕੇ ਰਵਾਇਆ ਸੀ।
ਉਹਨਾਂ ਨੇ ਕਿਹਾ ਕਿ ਕੇਟ ਨੂੰ ਉਹਨਾਂ ਨੂੰ ਫਲਾਵਰ ਗਰਲਜ ਦੀ ਡਰੈਸ ਨੂੰ ਲੈਕੇ ਰਵਾਇਆ ਸੀ।ਬਾਅਦ ਵਿਚ ਮੁਆਫ਼ੀ ਵੀ ਮੰਗੀ ਸੀ। ਕੇਟ ਨੇ ਮੇਗਨ ਨੂੰ ਫੁੱਲ ਅਤੇ ਇਕ ਨੋਟ ਵੀ ਦਿੱਤਾ ਸੀ।ਮੇਗਨ ਨੇ ਕਿਹਾ ਕਿ ਬ੍ਰਿਟਿਸ਼ ਅਖ਼ਬਾਰ 'ਹੀਰੋ ਅਤੇ ਵਿਲੇਨ' ਦੀ ਕਹਾਣੀ ਬਣਾਉਣ ਵਿਚ ਲੱਗੇ ਹੋਏ ਸਨ। ਮੇਗਨ ਨੇ ਉਪਰਾ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਸ਼ਾਹੀ ਪਰਿਵਾਰ ਵਿਚ ਰਹਿੰਦੇ ਹੋਏ ਉਹਨਾਂ ਦੇ ਮਨ ਵਿਚ ਖੁਦਕੁਸ਼ੀ ਦੇ ਖਿਆਲ ਆਉਂਦੇ ਸਨ। ਉਹਨਾਂ ਨੇ ਕਿਹਾ, ''ਇਹ ਬਹੁਤ ਸਾਫ, ਅਸਲੀ ਅਤੇ ਡਰਾਉਣੇ ਖਿਆਲ ਸਨ। ਮੈਨੂੰ ਇਕੱਲਾ ਨਹੀਂ ਛੱਡਿਆ ਜਾ ਸਕਦਾ ਸੀ।'' ਮੇਗਨ ਨੇ ਦੱਸਿਆ ਕਿ ਉਹਨਾਂ ਨੇ ਮਹਿਲ ਦੇ ਸੀਨੀਅਰ ਅਧਿਕਾਰੀਆਂ ਤੋਂ ਮਦਦ ਮੰਗੀ ਪਰ ਉਹਨਾਂ ਨੂੰ ਕਿਹਾ ਗਿਆ ਕਿ ਇਹ ਦੇਖਣ ਵਿਚ ਚੰਗਾ ਨਹੀਂ ਲੱਗੇਗਾ। ਮੇਗਨ ਨੇ ਦੱਸਿਆ ਕਿ ਵਿਆਹ ਦੇ ਬਾਅਦ ਉਹਨਾਂ ਦਾ ਲਾਇਸੈਂਸ, ਪਾਸਪੋਰਟ ਅਤੇ ਕ੍ਰੈਡਿਟ ਕਾਰਡ ਜਮਾਂ ਕਰ ਲਏ ਗਏ ਸਨ ਜਿਸ ਨਾਲ ਉਹਨਾਂ ਨੂੰ ਕੈਦੀ ਜਿਹਾ ਮਹਿਸੂਸ ਹੁੰਦਾ ਸੀ। ਹੈਰੀ ਨੇ ਵੀ ਦੱਸਿਆ ਕਿ ਉਹਨਾਂ ਨੂੰ ਮੇਗਨ ਦੀ ਹਾਲਤ ਦੇਖ ਕੇ ਲੱਗਾ ਕਿ ਜੋ ਉਹਨਾਂ ਦੀ ਮਾਂ ਡਾਇਨਾ ਨਾਲ ਹੋਇਆ ਸੀ, ਉਹੀ ਇਤਿਹਾਸ ਦੁਹਰਾ ਰਿਹਾ ਸੀ। ਉਹਨਾਂ ਦਾ ਇਹ ਡਰ ਸੋਸ਼ਲ ਮੀਡੀਆ ਅਤੇ ਰੰਗਭੇਦ ਨਾਲ ਜੁੜੇ ਤਣਾਅ ਕਾਰਨ ਵੱਧਦਾ ਗਿਆ। ਹੈਰੀ ਨੇ ਕਿਹਾ ਕਿ ਉਹਨਾਂ ਨੇ ਪਰਿਵਾਰ ਤੋਂ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ। ਇੱਥੋਂ ਤੱਕ ਕਿ ਉਹਨਾਂ ਦੇ ਪਿਤਾ ਚਾਰਲਸ ਨੇ ਉਹਨਾਂ ਦੇ ਫੋਨ ਸੁਣਨੇ ਬੰਦ ਕਰ ਦਿੱਤੇ। ਹੈਰੀ ਨੇ ਦੱਸਿਆ ਕਿ ਉਹਨਾਂ ਨੇ ਅਤੇ ਮੇਗਨ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੇ ਅਹੁਦੇ ਤੋਂ ਹਟਣ ਦਾ ਫ਼ੈਸਲਾ ਮਹਿਲ ਅਤੇ ਅਖ਼ਬਾਰਾਂ ਦੇ ਦਬਾਅ ਤੋਂ ਪਰੇਸ਼ਾਨ ਹੋ ਕੇ ਲਿਆ। ਉਹਨਾਂ ਨੇ ਸਾਫ ਕੀਤਾ ਕਿ ਇਸ ਦੇ ਬਾਰੇ ਵਿਚ ਮਹਾਰਾਣੀ ਸਮੇਤ ਕਈ ਲੋਕਾਂ ਨਾਲ ਚਰਚਾ ਕੀਤੀ ਗਈ ਸੀ। ਅਮਰੀਕੀ ਨਿਊਜ਼ ਏਜੰਸੀ ਸੀ.ਬੀ.ਐੱਸ. 'ਤੇ ਇਸ ਇੰਟਰਵਿਊ ਨੂੰ ਐਤਵਾਰ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।