Friday, November 22, 2024
 

ਲਿਖਤਾਂ

ਪਹਿਲੀ ਰੁਕਾਵਟ ਤੁਹਾਡਾ ਆਪਣਾ ਮਨ ਹੈ, ਇਕ ਵਾਰ ਜਦੋਂ ਤੁਸੀਂ ਇਸ 'ਤੇ ਕਾਬੂ ਪਾ ਲੈਂਦੇ ਹੋ ਤਾਂ ਸਭ ਕੁਝ ਬਹੁਤ ਸੌਖਾ ਹੋ ਜਾਂਦਾ ਹੈ

March 08, 2021 01:09 PM

ਵੱਡੇ ਟਰੱਕ ਚਲਾਉਣ ਵਾਲੀ ਸੰਦੀਪ ਕੌਰ ਨੇ ਇੰਜ ਪੁੱਟੀਆਂ ਬੁਲੰਦੀਆਂ ਨੂੰ ਜਾਂਦੀਆਂ ਪੁਲਾਂਗਾ

ਆਸਟ੍ਰੇਲੀਆ : ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਗੁਰਾਇਆ ਦੀ ਰਹਿਣ ਵਾਲੀ, ਸੰਦੀਪ ਨੇ ਮੁਸ਼ਕਲਾਂ ਦੇ ਪਹਾੜਾਂ ਨੂੰ ਚੀਰਦੇ ਹੋਏ ਮੰਜ਼ਲਾਂ ਸਰ ਕੀਤੀਆਂ ਜੋ ਕਿ ਕਾਬਿਲੇ ਤਾਰੀਫ਼ ਤਾਂ ਹੈ ਹੀ ਨਾਲ ਦੀ ਨਾਲ ਹੋਰ ਲੜਕੀਆਂ ਅਤੇ ਔਰਤਾਂ ਲਈ ਪ੍ਰੇਰਨਾਦਾਇਕ ਵੀ ਬਣੀ ਹੈ। ਗੁਰੂ ਮਹਾਰਾਜ ਦੀ ਕਿਰਪਾ ਅਨੁਸਾਰ ਅੱਜ ਸੰਦੀਪ ਕੌਰ ਸਫ਼ਲਤਾ ਦੇ ਰਾਹ ਉਤੇ ਆਪਣਾ ਵੱਡਾ ਟਰੱਕ ਦੌੜਾ ਰਹੀ ਹੈ। ਛੋਟੀ ਉਮਰੇ ਪਿਤਾ ਦੀ ਮੌਤ ਪਿੱਛੋਂ ਵਿੱਤੀ ਰੁਕਾਵਟਾਂ ਦੇ ਬਾਵਜੂਦ ਉਸਦੀ ਮਾਂ ਨੇ ਹੌਂਸਲੇ ਨਾਲ਼ ਉਸਦਾ ਪਾਲਣ-ਪੋਸ਼ਣ ਕੀਤਾ। ਸੰਦੀਪ ਨੇ ਆਪਣੇ ਪਰਿਵਾਰ, ਖਾਸ ਦੋਸਤ ਸੋਨਿਕਾ ਪੌਲ ਅਤੇ ਭਾਈਚਾਰੇ ਦਾ ਧੰਨਵਾਦ ਕੀਤਾ ਜਿੰਨਾ ਔਖੇ ਵੇਲ਼ੇ ਉਸਦਾ ਸਾਥ ਦਿੱਤਾ ਅਤੇ ਉਸਨੂੰ 'ਮੇਹਨਤ ਆਸਰੇ' ਇੱਕ ਖੁਸ਼ਹਾਲ ਜਿੰਦਗੀ ਜਿਓਣ ਲਈ ਪ੍ਰੇਰਿਤ ਕੀਤਾ।
ਸੰਦੀਪ ਕੌਰ ਆਸਟ੍ਰੇਲੀਆ ਵਿਚ ਉਸ ਜਗ੍ਹਾ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਹੋਈ ਹੈ ਜਿਥੇ ਅਕਸਰ ਮਰਦ ਹੀ ਪ੍ਰਧਾਨ ਹੁੰਦਾ ਹੈ, ਮਤਲਬ ਕਿ ਟਰੱਕ ਡਰਾਈਵਰੀ। ਉਹ ਪਿਛਲੇ ਚਾਰ ਸਾਲਾਂ ਤੋਂ ਟਰੱਕ ਚਲਾ ਰਹੀ ਹੈ - ਪਹਿਲੇ ਤਿੰਨ ਸਾਲ ਛੋਟੇ ਟਰੱਕ ਉੱਤੇ ਤਜ਼ੁਰਬਾ ਲੈਣ ਪਿੱਛੋਂ ਉਸਨੇ ਅਜੇ ਸਾਲ ਪਹਿਲਾਂ ਹੀ ਵੱਡੇ ਬੀ-ਡਬਲ ਟਰੱਕ ਨੂੰ ਚਲਾਉਣਾ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਕੰਮ ਦੌਰਾਨ ਉਹ ਲੰਮਿਆਂ ਰੂਟਾਂ ਉਤੇ ਜਾਂਦੀ ਹੈ ਅਤੇ ਅਪਣਾ ਕੰਮ ਸਫ਼ਤਲਤਾ ਪੂਰਵਕ ਪੂਰਾ ਵੀ ਕਰਦੀ ਹੈ। ਸੰਦੀਪ ਨੂੰ ਬ੍ਰਿਸਬੇਨ ਤੋਂ ਸਿਡਨੀ, ਮੈਲਬੌਰਨ ਅਤੇ ਐਡੀਲੇਡ ਵਰਗੇ ਹੋਰ ਵੀ ਵੱਡੇ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ।
ਸੰਦੀਪ ਆਖਦੀ ਹੈ ਕਿ, ਤੁਹਾਡਾ ਔਰਤ ਹੋਣਾ ਇੱਥੇ ਕੋਈ ਮਾਇਨੇ ਨਹੀਂ ਰੱਖਦਾ, ਸਿਰਫ ਦਿੱਤੇ ਹੋਏ ਕੰਮ ਦੇ ਮਾਇਨੇ ਹਨ ਜੋ ਤੁਸੀਂ ਪੂਰਾ ਕਰਨਾ ਹੈ। ਸੰਦੀਪ ਕੌਰ ਅੱਗੇ ਦਸਦੀ ਹੈ ਕਿ ਇਹ ਕਾਫ਼ੀ ਦਿਲਚਸਪ ਕੰਮ ਹੈ, ਇਹ ਓਨਾ ਮੁਸ਼ਕਲ ਵੀ ਨਹੀਂ ਹੈ ਜਿੰਨਾ ਮੈਂ ਸੋਚਿਆ ਸੀ। ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਖੁਦ ਦੇ ਬੌਸ ਹੋ। ਸੰਦੀਪ ਨੂੰ ਟਰੱਕਿੰਗ ਸਨਅਤ ਵਿੱਚ ਆਪਣਾ ਰਾਹ ਸਿੱਧਾ ਕਰਨ ਲਈ ਕੁਝ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ।
ਆਪਣਾ ਤਜ਼ੁਰਬਾ ਸਾਂਝਾ ਕਰਦੀ ਹੋਈ ਸੰਦੀਪ ਦਸਦੀ ਹੈ ਕਿ ਜਦ ਮੈਂ ਨੌਕਰੀ ਲੱਭਣੀ ਸ਼ੁਰੂ ਕੀਤੀ ਤਾਂ ਫੋਨ ਉੱਤੇ ਪੁੱਛਿਆ ਜਾਂਦਾ ਸੀ ਕਿ ਕੀ ਇਹ ਮੈਂ ਆਪਣੇ ਪਤੀ ਲਈ ਪੁੱਛ ਰਹੀ ਹਾਂ। ਪਹਿਲੀ ਰੁਕਾਵਟ ਤੁਹਾਡਾ ਆਪਣਾ ਮਨ ਹੈ। ਇਕ ਵਾਰ ਜਦੋਂ ਤੁਸੀਂ ਇਸ 'ਤੇ ਕਾਬੂ ਪਾ ਲੈਂਦੇ ਹੋ ਤਾਂ ਸਭ ਕੁਝ ਬਹੁਤ ਸੌਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਲੰਬੇ ਸਮੇਂ ਲਈ ਘਰੋਂ ਬਾਹਰ ਰਹਿਣਾ, ਦੇਰ ਰਾਤ ਲੰਬਿਆਂ ਰੂਟਾਂ ਉੱਤੇ ਟਰੱਕ ਚਲਾਉਣਾ, ਇਹ ਇਕ ਚੁਣੌਤੀ ਵਾਲ਼ਾ ਕੰਮ ਹੋ ਸਕਦਾ ਹੈ ਜੋ ਹਰ ਕਿਸੇ ਦੇ ਸੁਭਾਅ ਤੇ ਲੋੜਾਂ ਨੂੰ ਫਿੱਟ ਨਹੀਂ ਬੈਠਦਾ।" ਸੰਦੀਪ ਦੱਸਦੀ ਹੈ ਕਿ ਉਸ ਲਈ ਇਹ ਨੌਕਰੀ ਇੱਕ ਵਧੀਆ ਅਤੇ ਲਾਭਕਾਰੀ ਤਜ਼ੁਰਬਾ ਸਾਬਿਤ ਹੋਈ ਹੈ।


ਆਰਥਕ ਮਜਬੂਤੀ ਬਾਰੇ ਸੰਦੀਪ ਦਸਦੀ ਹੈ ਕਿ "ਇਹ ਮੇਰੀਆਂ ਆਰਥਿਕ ਲੋੜਾਂ ਪੂਰੀਆਂ ਕਰਦੀ ਹੈ। ਜੋ ਨੌਕਰੀ ਮੈਂ ਪਹਿਲਾਂ ਕਰਦੀ ਸੀ ਉਸ ਨਾਲੋਂ 2-3 ਗੁਣਾ ਵੱਧ ਤਨਖਾਹ ਹੈ ਅਤੇ ਇਹੀ ਕਾਰਨ ਹੈ ਕਿ ਮੈਂ ਇਸ ਕੰਮ ਨੂੰ ਅਜੇ ਚਲਦਾ ਰੱਖਾਂਗੀ। ਸੰਦੀਪ ਨੇ ਔਰਤਾਂ ਨੂੰ ਹੋਕਾ ਦਿੰਦੇ ਹੋਏ ਆਖਿਆ ਕਿ ਉਹ ਚਾਹੁੰਦੀ ਹੈ ਕਿ ਹੋਰ ਔਰਤਾਂ ਵੀ ਟਰੱਕਿੰਗ ਉਦਯੋਗ ਵਿੱਚ ਉਪਲਬਧ ਮੌਕਿਆਂ ਰਾਹੀਂ ਵਿੱਤੀ-ਤੌਰ ਉਤੇ ਆਪਣੇ ਪੈਰਾਂ ਉੱਤੇ ਖੜ੍ਹੀਆਂ ਹੋਣ। ਸੰਦੀਪ ਕੌਰ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਦੀ ਹੋਈ ਆਖਦੀ ਹੈ ਕਿ “ਮੈਂ ਮੈਲਬੌਰਨ ਦੀ ਇੱਕ ਟ੍ਰੱਕਇੰਗ ਕੰਪਨੀ ਲਈ ਕੰਮ ਕਰ ਰਹੀ ਹਾਂ ਅਤੇ ਮੈਂ ਇਸ ਦੇ ਮਾਲਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਇਸ ਕੰਮ ਲਈ ਮੇਰੇ 'ਤੇ ਭਰੋਸਾ ਦਿਖਾਇਆ ਹੈ। ਇਸ ਸੱਭ ਤੋਂ ਇਲਾਵਾ ਆਪਣੇ ਭਵਿੱਖ ਦੇ ਮਨਸੂਬਿਆਂ ਬਾਰੇ ਦਸਦੀ ਹੋਈ ਸੰਦੀਪ ਨੇ ਦਸਿਆ ਕਿ ਉਹ ਖੁਦ 10 ਸਾਲਾਂ ਦੌਰਾਨ ਆਪਣੀ ਟਰੱਕ ਕੰਪਨੀ ਖੜ੍ਹੀ ਕਰਨਾ ਚਾਹੁੰਦੀ ਹੈ ਅਤੇ ਇਸ ਮਨਸੂਬੇ ਵਿਚ ਉਹ ਕਾਮਯਾਬ ਵੀ ਹੋਵੇਗੀ।

 

Have something to say? Post your comment

Subscribe