ਲਾਹੌਰ (ਏਜੰਸੀਆਂ): ਪਾਕਿਸਤਾਨ ਵਿਚ ਬੇਰੁਜ਼ਗਾਰੀ ਇਸ ਪੱਧਰ ’ਤੇ ਪਹੁੰਚ ਚੁਕੀ ਹੈ ਕਿ ਲੋਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਪਾਕਿਸਤਾਨ ਦੇ ਕਸਬਾ ਰਹੀਮ ਯਾਰ ਖ਼ਾਨ ’ਚ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਅਪਣੀ ਪਤਨੀ, ਇਕ ਨਾਬਾਲਗ਼ ਮੁੰਡੇ ਤੇ ਦੋ ਕੁੜੀਆਂ ਦਾ ਕਤਲ ਕਰਨ ਪਿਛੋਂ ਖ਼ੁਦਕੁਸ਼ੀ ਕਰ ਲਈ। ਇਹ ਵਿਅਕਤੀ ਹਿੰਦੂ ਧਰਮ ਨਾਲ ਸਬੰਧਤ ਦਸਿਆ ਜਾ ਰਿਹਾ ਹੈ ਤੇ ਇਸ ਕਸਬੇ ਅੰਦਰ ਕਈ ਹਿੰਦੂ ਧਾਰਮਕ ਸਥਾਨਾਂ ’ਤੇ ਵੀ ਜਾਂਦਾ ਰਹਿੰਦਾ ਸੀ।
ਜਾਣਕਾਰੀ ਅਨੁਸਾਰ ਖ਼ੁਦਕੁਸ਼ੀ ਕਰਨ ਵਾਲਾ ਰਾਮ ਚੰਦ (35) ਦਰਜੀ ਦਾ ਕੰਮ ਕਰਦਾ ਸੀ। ਅੱਜਕਲ ਉਸ ਦਾ ਕੰਮ ਘੱਟ ਚਲਦਾ ਸੀ ਜਿਸ ਕਰ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਅੱਜ ਉਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਪਹਿਲਾਂ ਅਪਣੀ ਪਤਨੀ ਲਕਛਮੀ ਰਾਣੀ (30), ਮੁੰਡਾ ਪ੍ਰੇਮ ਕੁਮਾਰ (13), ਕੁੜੀ ਅੰਜਲੀ (10) ਅਤੇ ਅਨੀਕਾ (4) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਤੇ ਬਾਅਦ ਵਿਚ ਖ਼ੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿਤਾ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ।