ਪੇਸ਼ਾਵਰ (ਏਜੰਸੀਆਂ) : ਗੁਰਦੀਪ ਸਿੰਘ ਪਾਕਿਸਤਾਨ ਦੇ ਇਕ ਸੂਬੇ ਤੋਂ ਚੁਣ ਗਏ ਪਹਿਲੇ ਦਸਤਾਰਧਾਰੀ ਸਿੱਖ ਲੀਡਰ ਬਣ ਗਏ ਹਨ। ਇਥੇ ਹੋਈਆਂ ਸੈਨੇਟ ਚੋਣਾਂ ਵਿਚ ਖੈਬਰ ਪਖਤੂਨਖਵਾ ਸੂਬੇ ਤੋਂ ਸੱਤਾਧਾਰੀ ਪਾਕਿਸਤਾਨ-ਤਹਿਰੀਕ-ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਨੇ ਜਿੱਤ ਦਰਜ ਕਰ ਕੇ ਇਤਿਹਾਸ ਰਚ ਦਿਤਾ ਹੈ। ਗੁਰਦੀਪ ਸਿੰਘ ਨੂੰ ਸਦਨ ਵਿਚ 145 ਵਿਚੋਂ 103 ਵੋਟਾਂ ਹਾਸਲ ਹੋਈਆਂ ਜਦਕਿ ਜਮੀਅਤ ਉਲੇਮਾ-ਏ-ਇਸਲਾਮ (ਫਜ਼ਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਸਿਰਫ 25 ਵੋਟਾਂ ਹਾਸਲ ਕੀਤੀਆਂ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਨੇ 12 ਵੋਟ ਹਾਸਲ ਕੀਤੇ। ਗੁਰਦੀਪ ਸਿੰਘ ਨੇ ਸੰਸਦ ਦੇ ਉੱਚ ਸਦਨ ਲਈ ਹੋਈਆਂ ਚੋਣਾਂ ਵਿਚ ਘੱਟ ਗਿਣਤੀ ਸੀਟ ’ਤੇ ਵੱਡੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਦਾਅਵਾ ਕੀਤਾ ਸੀ ਕਿ ਗੁਰਦੀਪ ਸਿੰਘ ਨੂੰ 102 ਵੋਟ ਮਿਲਣਗੇ ਜਦਕਿ ਉਹਨਾਂ ਇਕ ਵੋਟ ਵੱਧ ਹਾਸਲ ਕੀਤੀ। ਜਿਸ ਨਾਲ ਇਸ ਤਰ੍ਹਾਂ ਦੇ ਸੰਕੇਤ ਹਨ ਕਿ ਇਕ ਵਿਰੋਧੀ ਮੈਂਬਰ ਨੇ ਵੀ ਉਹਨਾਂ ਦੇ ਪੱਖ ਵਿਚ ਵੋਟਿੰਗ ਕੀਤੀ।