ਨਵੀਂ ਦਿੱਲੀ (ਏਜੰਸੀਆਂ): ਸੀਨੀਅਰ ਡਿਪਲੋਮੈਟ ਮਨਪ੍ਰੀਤ ਵੋਹਰਾ ਨੂੰ ਆਸਟ੍ਰੇਲੀਆ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਆਸ ਹੈ ਕਿ ਵੋਹਰਾ ਦੀ ਨਿਯੁਕਤੀ ਤੋਂ ਬਾਅਦ ਭਾਰਤ ਤੇ ਆਸਟਰੇਲੀਆ ਵਿਚਕਾਰ ਡਿਪਲੋਮੈਟਿਕ ਸਬੰਧ ਹੋਰ ਮਜ਼ਬੂਤ ਹੋਣਗੇ।
ਜ਼ਿਕਰਯੋਗ ਹੈ ਕਿ ਵੋਹਰਾ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ ਅਤੇ ਹਾਲੇ ਮੈਕਸੀਕੋ ਵਿਚ ਭਾਰਤ ਦੇ ਰਾਜਦੂਤ ਹਨ। ਉਹ ਜਲਦੀ ਹੀ ਨਵਾਂ ਅਹੁਦਾ ਸੰਭਾਲ ਸਕਦੇ ਹਨ। ਵੋਹਰਾ ਦੀ ਨਿਯੁਕਤੀ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਭਾਰਤ-ਆਸਟ੍ਰੇਲੀਆ ਦੇ ਸਬੰਧ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਤੇ ਖ਼ਾਸ ਤੌਰ ’ਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਮਜ਼ਬੂਤ ਹੋ ਰਿਹਾ ਹੈ।ਇਸ ਦੇ ਨਾਲ ਹੀ ਚੀਨ ਨਾਲ ਨਿਪਟਣ ਲਈ ਭਾਰਤ ਨੂੰ ਮਜ਼ਬੂਤ ਦੇਸ਼ਾਂ ਦੀ ਜ਼ਰੂਰਤ ਹੈ।