ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਦਾਅਵਾ ਕਿ ਇਹ ਚੀਨ ਵਲੋਂ ਸਾਇਬਰ ਅਟੈਕ ਸੀ
ਨਵੀਂ ਦਿੱਲੀ (ਏਜੰਸੀਆਂ): ਗਲਵਾਨ ਵਿਚ ਭਾਰਤੀ ਫ਼ੌਜ ਨਾਲ ਹੋਈ ਝੜਪ ਤੋਂ ਬਾਅਦ ਚੀਨੀ ਹੈਕਰਾਂ ਨੇ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਦੇ ਪਾਵਰ ਸਪਲਾਈ ਸਿਸਟਮ ਉਤੇ ਸਾਇਬਰ ਅਟੈਕ ਕੀਤਾ ਸੀ। ਇਸ ਘਟਨਾ ਤੋਂ ਬਾਅਦ ਮਹਾਂਨਗਰ ਵਿਚ ਕਰੀਬ 10-12 ਘੰਟੇ ਤਕ ਬਿਜਲੀ ਸਪਲਾਈ ਠਪ ਰਹੀ ਸੀ। ਅਮਰੀਕਾ ਦੇ ਇਕ ਵੱਡੇ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਅਪਣੀ ਇਕ ਰਿਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਹੈ। ਰਿਪੋਰਟ ਮੁਤਾਬਕ ਚੀਨ ਦੇ ਰੈਡਈਕੋ ਗਰੁਪ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਸੀ ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ 12 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਪੂਰੀ ਮੁੰਬਈ ਦੀ ਬਿਜਲੀ ਠੱਪ ਹੋ ਗਈ ਸੀ। ਇਸੇ ਦੌਰਾਨ ਦੋ ਘੰਟੇ ਬਾਅਦ ਰੇਲਵੇ ਸਰਵਿਸ ਤਾਂ ਸ਼ੁਰੂ ਕਰ ਲਈ ਗਈ ਸੀ ਪਰ ਪੂਰੀ ਤਰ੍ਹਾਂ ਸਮੱਸਿਆ ਨੂੰ ਦੂਰ ਕਰਨ ਵਿਚ 10-12 ਘੰਟੇ ਲੱਗੇ ਸਨ। ਇਸ ਨੂੰ ਦਹਾਕੇ ਦਾ ਸੱਭ ਤੋਂ ਖ਼ਰਾਬ ਪਾਵਰ ਫ਼ੇਲੀਅਰ ਦਸਿਆ ਗਿਆ ਸੀ।
ਦਰਅਸਲ ਸਾਇਬਰ ਅਟੈਕ ਜ਼ਰੀਏ ਚੀਨ ਭਾਰਤ ਨੂੰ ਚੁਪ ਰਹਿਣ ਦਾ ਸੁਨੇਹਾ ਦੇਣਾ ਚਾਹੁੰਦਾ ਸੀ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਭਾਰਤੀ ਅਤੇ ਚੀਨੀ ਫ਼ੌਜੀ ਬਾਰਡਰ ਉੱਤੇ ਆਹਮੋਂ- ਸਾਹਮਣੇ ਸਨ ਉਦੋਂ ਮਾਲਵੇਇਰ ਨੂੰ ਉਨ੍ਹਾਂ ਕੰਟਰੋਲ ਸਿਸਟਮ ਵਿਚ ਇੰਜੇਕਟ ਕੀਤਾ ਜਾ ਰਿਹਾ ਸੀ ਜੋ ਪੂਰੇ ਭਾਰਤ ਵਿਚ ਬਿਜਲੀ ਦੀ ਸਪਲਾਈ ਦੀ ਦੇਖਭਾਲ ਕਰਦੇ ਹਨ। ਇਕ ਮੀਡਿਆ ਰਿਪੋਰਟ ਅਨੁਸਾਰ ਮਹਾਰਾਸ਼ਟਰ ਸਾਇਬਰ ਸੈੱਲ ਦੀ ਸ਼ੁਰੁਆਤੀ ਜਾਂਚ ਵਿਚ ਇਸ ਗੱਲ ਦਾ ਪ੍ਰਗਟਾਵਾ ਹੋਇਆ ਸੀ ਕਿ ਬਿਜਲੀ ਸਪਲਾਈ ਠੱਪ ਹੋਣ ਪਿਛੇ ਮਾਲਵੇਇਰ ਅਟੈਕ ਹੋ ਸਕਦਾ ਹੈ। ਹਾਲਾਂਕਿ ਡਿਸਟਰੀਬਿਊਸ਼ਨ ਕੰਪਨੀ ਨੇ ਬਾਹਰੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰ ਦਿਤਾ ਸੀ ਤੇ ਇਸ ਦੀ ਵਜ੍ਹਾ ਠਾਣੇ ਜ਼ਿਲ੍ਹੇ ਦੇ ਲੋਡ ਡਿਸਪੈਚ ਸੈਂਟਰ ਵਿਚ ਟਰਿਪਿੰਗ ਨੂੰ ਦਸਿਆ ਸੀ। ਅਖ਼ਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਰੀਬ 20000 ਵਾਰ ਅਜਿਹੀ ਕੋਸ਼ਿਸ਼ ਚੀਨ ਵਲੋਂ ਕੀਤੀ ਗਈ ਪਰ ਮੁੰਬਈ ’ਤੇ ਸਾਇਬਰ ਅਟੈਕ ਕਾਮਯਾਬ ਰਿਹਾ।