ਪੇਰੂ (ਏਜੰਸੀਆਂ): ਇਸ ਤਰ੍ਹਾਂ ਲਗਦਾ ਹੈ ਕਿ ਮਨੁੱਖਾਂ ਨੂੰ ਹੁਣ ਛੋਟੀ ਪੈਂਦੀ ਜਾ ਰਹੀ ਹੈ। ਇਸ ਲਈ ਕਦੇ ਚੰਨ ’ਤੇ ਵਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਦੇ ਮੰਗਲ ਗ੍ਰਹਿ ’ਤੇ ਜੀਵਨ ਦੀ ਖੋਜ ਲਈ ਜਾਇਆ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਮਨੁੱਖ ਹੁਣ ਧਰਾਤਲ ਨੂੰ ਛੱਡ ਕੇ ਸਮੁੰਦਰਾਂ ਵਿਚ ਵੀ ਵਸਣ ਲੱਗ ਪਿਆ ਹੈ। ਦੱਖਣੀ ਅਮਰੀਕਾ ਦੀ ਸੱਭ ਤੋਂ ਵੱਡੀ ਝੀਲ ਟਿਟਿਕਾਕਾ ਵਿਚ ਪਾਣੀ ਵਿਚ ਤੈਰਦੀਆਂ ਬਸਤੀਆਂ ਵਸਾਈਆਂ ਜਾ ਰਹੀਆਂ ਹਨ। ਇਹ ਥਾਂ ਸਮੁੱਦਰੀ ਤਲ ਤੋਂ 12, 500 ਫ਼ੁਟ ਉਚਾਈ ’ਤੇ ਹੈ। ਇਸ ਝੀਲ ਵਿਚ 70 ਟਾਪੂ ਹਨ। ਇਸ ਉਤੇ ਲਗਭਗ 4000 ਲੋਕ ਰਹਿੰਦੇ ਹਨ। ਮਜ਼ੇ ਦੀ ਗੱਲ ਇਹ ਹੈ ਕਿ ਇਹ ਟਾਪੂ ਇਨਸਾਨਾਂ ਦੇ ਬਣਾਏ ਹੋਏ ਹਨ ਅਤੇ ਸਾਰੇ ਦੇ ਸਾਰੇ ਪਾਣੀ ਵਿਚ ਤੈਰਦੇ ਹਨ।ਟਾਪੂਆਂ ਦੀ ਖ਼ਾਸ਼ੀਅਤ ਇਹ ਹੈ ਕਿ ਹੁਣ ਇਥੇ ਆਬਾਦੀ ਲਗਾਤਾਰ ਵੱਧ ਰਹੀ ਹੈ।
ਪੇਰੂ ਅਤੇ ਬੋਲੀਵੀਆ ਦੇ ਲੋਕਾਂ ਨੇ ਝੀਲ ਵਿਚ ਹੋਰ ਛੋਟੇ-ਛੋਟੇ ਨਵੇਂ ਟਾਪੂ ਬਣਾਉਣੇ ਸ਼ੁਰੂ ਕਰ ਦਿਤੇ ਹਨ। ਵਰਲਡ ਲੈਂਡਫ਼ੋਰਮ ਦੀ ਰਿਪੋਰਟ ਮੁਤਾਬਕ ਝੀਲ ਵਿਚ ਵੱਧ ਰਹੀ ਵਸੋਂ ਕਾਰਨ ਆਉਣ ਵਾਲੇ ਦਿਨਾਂ ਵਿਚ ਪ੍ਰੇਸ਼ਾਨੀ ਖੜੀ ਕਰ ਸਕਦੀ ਹੈ ਕਿਉਂਕਿ ਆਬਾਦੀ ਵਧਣ ਨਾਲ ਪ੍ਰਦੂਸ਼ਣ ਫੈਲੇਗਾ ਅਤੇ ਝੀਲ ਨੂੰ ਨੁਕਸਾਨ ਹੋਵੇਗਾ।
ਇਸ ਟਾਪੂਆਂ ਦਾ ਬੇਸ ਟੋਟੋਰਾ ਰੀਡਸ ਦੀ ਮੋਟੀ ਚਾਦਰ ਉਤੇ ਬਣਿਆ ਹੋਇਆ ਹੈ। ਇਸ ਉਤੇ ਘਰ ਵੀ ਹਲਕੀ ਲੱਕੜੀ ਅਤੇ ਟੋਟੋਰਾ ਰੀਡਸ ਦੇ ਬਣੇ ਹੋਏ ਹਨ।ਇਸੇ ਕਾਰਨ ਇਹ ਤੈਰਦੇ ਰਹਿੰਦੇ ਹਨ।ਹੋਰ ਤਾਂ ਹੋਰ ਸਰਕਾਰਾਂ ਵੀ ਇਨ੍ਹਾਂ ਥਾਵਾਂ ਨੂੰ ਸੈਰਗਾਹ ਵਜੋਂ ਅਪਣਾਉਣਾ ਚਾਹੁੰਦੀਆਂ ਹਨ ਪਰ ਸਮੱਸਿਆ ਇਹ ਹੈ ਕਿ ਇਹ ਇਲਾਕੇ ਦੂਰ-ਦੁਰਾਡੇ ਹਨ। ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਮਨੁੱਖ ਸਮੁੰਦਰਾਂ ਨੂੰ ਵੀ ਅਪਣੀ ਇੱਛਾ ਮੁਬਾਤਕ ਢਾਲ ਰਿਹਾ ਹੈ।