ਨਵੀਂ ਦਿੱਲੀ, (ਏਜੰਸੀਆਂ) : 26 ਜਨਵਰੀ ਲਾਲ ਕਿਲਾ ਹਿੰਸਾ ਮਾਮਲੇ ਵਿਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਇਸ ਸੁਣਵਾਈ ਦੌਰਾਨ ਦੀਪ ਸਿੱਧੂ ਦਾ ਅਦਾਲਤ ਨੂੰ ਕਹਿਣਾ ਸੀ ਕਿ ਉਸ ਨੇ ਕਿਸੇ ਕਿਸਮ ਦੀ ਹਿੰਸਾ ਨਹੀ ਕੀਤੀ ਅਤੇ ਨਾ ਹੀ ਕਿਸੇ ਨੂੰ ਭੜਕਾਇਆ। ਇਸੇ ਸਬੰਧ ਵਿਚ ਦਿੱਲੀ ਦੀ ਇੱਕ ਅਦਾਲਤ ਨੇ ਘਟਨਾਕ੍ਰਮ ਬਾਰੇ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੂੰ ਸਹੀ ਤਰੀਕੇ ਨਾਲ ਜਾਂਚ ਕਰਨ ਲਈ ਕਿਹਾ। ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਕਿ ਜਾਂਚ ਅਫ਼ਸਰ ਤੋਂ, "ਸਿਰਫ਼ ਮੁਜਰਮ ਸਾਬਤ ਕਰਨ ਲਈ ਸਬੂਤ ਇਕੱਠੇ ਕਰਨ ਦੀ ਆਸ ਨਹੀਂ ਕੀਤੀ ਜਾਂਦੀ ਸਗੋਂ ਉਸ ਨੇ ਅਦਾਲਤ ਦੇ ਸਾਹਮਣੇ ਸੱਚੀ ਤਸਵੀਰ ਰੱਖਣੀ ਹੁੰਦੀ ਹੈ।" ਅਦਾਲਤ ਨੇ ਇਹ ਟਿੱਪਣੀ ਅਦਾਕਾਰ ਦੀਪ ਸਿੱਧੂ ਦੇ ਇਸ ਦਾਅਵੇ ਤੋਂ ਇੱਕ ਦਿਨ ਬਾਅਦ ਕੀਤੀ ਕਿ ਉਹ ਤਾਂ ‘ਭੀੜ ਨੂੰ ਸ਼ਾਂਤ ਕਰ ਰਹੇ ਸਨ’। ਦੀਪ ਸਿੱਧ ਨੇ ਆਪਣੇ ਵਕੀਲ ਰਾਹੀਂ ਦਾਇਰ ਅਰਜੀ ਵਿੱਚ ਅਦਾਲਤ ਤੋਂ ਜਾਂਚ ਏਜੰਸੀ ਨੂੰ ਜਾਂਚ ਵਿੱਚ ਸਾਰੀਆਂ ਵੀਡੀਓ ਫੁਟੇਜ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਬੇਕਸੂਰੀ ਸਾਬਤ ਹੋ ਸਕੇ।