ਅਬੁਜਾ (ਏਜੰਸੀਆਂ) : ਅਤਿਵਾਦੀਆਂ ਨੇ 300 ਤੋਂ ਵੱਧ ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਹੈ। ਇਹ ਘਟਨਾ ਨਾਈਜੀਰੀਆ ਦੇ ਉੱਤਰ-ਪੱਛਮੀ ਜਮਫਾਰਾ ਰਾਜ ਵਿਚ ਵਾਪਰੀ। ਰਿਪੋਰਟਾਂ ਵਿਚ ਦਸਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਅਤਿਵਾਦੀਆਂ ਨੇ ਜੰਗਜਬੇ ਪਿੰਡ ਵਿਚ ਇਕ ਸੈਕੰਡਰੀ ਸਕੂਲ ਨੂੰ ਨਿਸ਼ਾਨਾ ਬਣਾਇਆ। ਸਕੂਲ ਸਟਾਫ ਨੇ ਕਿਹਾ ਕਿ ਦੇਰ ਰਾਤ ਅੱਤਵਾਦੀ ਮੋਟਰਸਾਇਕਲ ਅਤੇ ਟਰੱਕ ਜ਼ਰੀਏ ਸਕੂਲ ਵਿਚ ਆਏ। ਇਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਅਖ਼ਬਾਰ ਨੂੰ ਦੱਸਿਆ ਕਿ ਜਦੋਂ ਅੱਤਵਾਦੀ ਸਕੂਲ ਵਿਚ ਆਏ ਤਾਂ ਉਹਨਾਂ ਨੇ ਸੋਚਿਆ ਕਿ ਸੁਰੱਖਿਆ ਬਲ ਦੇ ਜਵਾਨ ਆਏ ਹਨ ਪਰ ਉਹ ਵਿਦਿਆਰਥਣਾਂ ਨੂੰ ਮੋਟਰਸਾਇਕਲਾਂ ਅਤੇ ਹਿਲਕਸ ਵਾਹਨਾਂ ਵਿਚ ਭਰ ਕੇ ਸਕੂਲ ਤੋਂ ਬਾਹਰ ਲੈ ਗਏ। ਇਸ ਦੌਰਾਨ ਨਾਈਜੀਰੀਆਈ ਮੀਡੀਆ ਆਊਟਲੇਟ ਪੀ.ਐੱਮ.ਨਿਊਜ਼ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਕੂਲ ਵਿਚ ਜਾਣ ਤੋਂ ਪਹਿਲਾਂ ਨੇੜੇ ਬਣੀ ਇਕ ਪੁਲਸ ਚੌਕੀ ’ਤੇ ਹਮਲਾ ਕੀਤੀ ਸੀ। ਇਸ ਅੱਤਵਾਦੀ ਹਮਲੇ ਵਿਚ ਕਈ ਸੈਨਿਕ ਵੀ ਜ਼ਖਮੀ ਹੋਏ ਸਨ। ਸਥਾਨਕ ਸਮਾਚਾਰ ਸਮੂਹਾਂ ਨੇ ਦੱਸਿਆ ਕਿ ਅਗਵਾ ਕੀਤੀਆਂ ਵਿਦਿਆਰਥਣਾਂ ਨੂੰ ਛੁਡਾਉਣ ਲਈ ਅਗਵਾਕਰਤਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।