ਚੰਡੀਗੜ੍ਹ (ਏਜੰਸੀਆਂ) : ਕੋਵਿਡ -19 ਟੀਕਾਕਰਨ ਸਬੰਧੀ ਕੌਮੀ ਮਾਹਰ ਸਮੂਹ ਵੱਲੋਂ ਦਰਸਾਈ ਗਈ ਤਰਜੀਹ ਅਨੁਸਾਰ ਅਗਲੇ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 60 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਸ਼ੁਕੱਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅਜਿਹੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ ਜਿਨ੍ਹਾਂ ਦੀ ਉਮਰ 1 ਜਨਵਰੀ 2022 ਨੂੰ 45 ਤੋਂ 59 ਸਾਲ ਦੀ ਹੋ ਜਾਵੇਗੀ ਅਤੇ ਉਹ ਕਿਸੇ ਸਹਿ ਰੋਗ ਤੋਂ ਪੀੜਤ ਹਨ, ਦਾ ਟੀਕਾਕਰਨ ਕੀਤਾ ਜਾਵੇਗਾ ਜਿਸ ਦੀ ਸਿਫ਼ਾਰਸ਼ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ।ਇਸਨੂੰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਪ੍ਰਮਾਣਿਤ ਕੀਤਾ ਜਾਵੇਗਾ।
ਸਿੱਧੂ ਨੇ ਕਿਹਾ ਰਜਿਟਰਡ ਟੀਕਾਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਇਸਨੂੰ ਸੁਖਾਲਾ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੋਵਿਡ-19 ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਦੇ ਲਾਗੂਕਰਨ ਦੌਰਾਨ ਪ੍ਰਾਪਤ ਫੀਡਬੈਕ ਦੇ ਆਧਾਰ `ਤੇ ਕੋਵਿਨ 2.0 ਪੋਰਟਲ ਲਿਆਂਦਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਲਾਭਪਾਤਰੀ ਖੁਦ ਨੂੰ ਕੋਵਿਨ 2.0 ਪੋਰਟਲ ਜਾਂ ਹੋਰ ਆਈ.ਟੀ. ਐਪਲੀਕੇਸ਼ਨਾਂ ਜਿਵੇਂ ਅਰੋਗਿਆ ਸੇਤੂ ਆਦਿ ਰਾਹੀਂ ਟੀਕਾਕਰਨ ਵਾਸਤੇ ਰਜਿਸਟਰ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਇਹ ਨਵਾਂ ਪੋਰਟਲ ਖਾਸ ਕਰਕੇ ਬਜ਼ੁਰਗਾਂ ਲਈ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਯਕੀਨੀ ਤੌਰ `ਤੇ ਮਦਦਗਾਰ ਸਾਬਤ ਹੋਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮਹਾਂਮਾਰੀ ਨਾਲ ਨਜਿੱਠਣ ਲਈ ਕੋਵਿਡ -19 ਟੀਕਾਕਰਨ ਇਕੋ ਇਕ ਹੱਲ ਹੈ ਅਤੇ ਯੋਗ ਲਾਭਪਾਤਰੀਆਂ ਨੂੰ ਇਸ ਸੁਨਹਿਰੀ ਅਵਸਰ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।