ਨਵੀਂ ਦਿੱਲੀ : ਹੁਣ ਬਿਨਾਂ ਫਾਸਟੈਗ ਡਿਵਾਈਸ ਵਾਲੀ ਗੱਡੀ ਟੋਲ ਪਲਾਜ਼ਾ 'ਤੇ ਬਣੀ ਫਾਸਟੈਗ ਲੇਨ 'ਚੋਂ ਲੰਘਾਉਣ 'ਤੇ ਦੁੱਗਣੀ ਫੀਸ ਭਰਨੀ ਪੈ ਸਕਦੀ ਹੈ। ਸੂਤਰਾਂ ਮੁਤਾਬਕ, ਸਰਕਾਰ ਇਹ ਨਿਯਮ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਇਸ ਲੇਨ 'ਤੇ ਸਿਰਫ ਓਹੀ ਕਾਰਾਂ ਜਾਂ ਵਾਹਨ ਬਿਨਾਂ ਰੁਕਾਵਟ ਲੰਘ ਸਕਣ ਜਿਨ੍ਹਾਂ 'ਚ ਫਾਸਟੈਗ ਡਿਵਾਈਸ ਲੱਗਾ ਹੈ। ਸਰਕਾਰ ਦੇ ਇਸ ਕਦਮ ਨਾਲ ਵਾਹਨਾਂ 'ਚ ਫਾਸਟੈਗ ਲਾਉਣ ਦਾ ਉਤਸ਼ਾਹ ਵਧ ਸਕਦਾ ਹੈ, ਨਾਲ ਹੀ ਇਸ ਵੱਖਰੀ ਲੇਨ 'ਤੇ ਵਾਹਨਾਂ ਦੀ ਭੀੜ ਨਹੀਂ ਲੱਗੇਗੀ। ਫਾਸਟੈਗ ਵਾਲੀ ਗੱਡੀ ਨੂੰ ਟੋਲ ਪਲਾਜ਼ਾ 'ਤੇ ਪੇਮੈਂਟ ਕਰਨ ਲਈ ਖੜ੍ਹਨਾ ਨਹੀਂ ਪੈਂਦਾ। ਇਸ ਨਾਲ ਜੁੜੇ ਖਾਤੇ 'ਚੋਂ ਆਟੋਮੈਟਿਕ ਫੀਸ ਕੱਟੀ ਜਾਂਦੀ ਹੈ।ਸਰਕਾਰ ਨੇ ਟੋਲ ਪਲਾਜ਼ਿਆਂ 'ਤੇ ਲੱਗਣ ਵਾਲਾ ਲੰਬਾ ਸਮਾਂ ਘੱਟ ਕਰਨ ਲਈ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਸਿਸਟਮ ਸ਼ੁਰੂ ਕੀਤਾ ਸੀ। ਫਿਲਹਾਲ ਟੋਲ 'ਤੇ ਜਿਹੜੀ ਮਰਜ਼ੀ ਗੱਡੀ ਕਿਸੇ ਵੀ ਲੇਨ 'ਚੋਂ ਲੰਘਣ ਨਾਲ ਭੀੜ ਲੱਗ ਰਹੀ ਹੈ। ਇਸ ਕਾਰਨ ਫਾਸਟੈਗ ਵਾਲੇ ਵਾਹਨਾਂ ਨੂੰ ਵੀ ਲਾਈਨ 'ਚ ਖੜ੍ਹਨ ਲਈ ਮਜਬੂਰ ਹੋਣਾ ਪੈਂਦਾ ਹੈ। ਹੁਣ ਇਸ ਲੇਨ 'ਚੋਂ ਲੰਘਣ ਵਾਲੀ ਬਿਨਾਂ ਫਾਸਟੈਗ ਵਾਲੀ ਗੱਡੀ ਕੋਲੋਂ ਦੁੱਗਣੀ ਫੀਸ ਵਸੂਲਣੀ ਜਲਦ ਸ਼ੁਰੂ ਕੀਤੀ ਜਾ ਸਕਦੀ ਹੈ। ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਹਾਈਵੇ ਫੀਸ ਨਿਯਮਾਂ ਮੁਤਾਬਕ, ਪਹਿਲਾਂ ਹੀ ਵੱਧ ਟੋਲ ਫੀਸ ਲੈਣ ਦੀ ਵਿਵਸਥਾ ਹੈ ਤੇ ਇਸ ਨੂੰ ਕਦੇ ਵੀ ਲਾਗੂ ਨਹੀਂ ਕੀਤਾ ਹੈ ਪਰ ਹੁਣ ਫਾਸਟੈਗ ਲੇਨ 'ਤੇ ਚੱਲਣ ਵਾਲੇ ਉਨ੍ਹਾਂ ਕਾਰਾਂ ਜਾਂ ਵਾਹਨਾਂ ਲਈ ਦੁੱਗਣੀ ਟੋਲ ਫੀਸ ਲਾਗੂ ਕਰਨ ਬਾਰੇ ਵਿਚਾਰ ਕਰ ਰਹੇ ਹਾਂ ਜਿਨ੍ਹਾਂ 'ਚ ਫਾਸਟੈਗ ਡਿਵਾਈਸ ਨਹੀਂ ਲੱਗੇ ਹਨ। ਇਸ ਕਦਮ ਤੇ ਨਿਯਮ ਲਾਗੂ ਕਰਨ ਦੀ ਤਰੀਕ ਬਾਰੇ ਐਲਾਨ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਵੱਲੋਂ ਕੀਤਾ ਜਾਵੇਗਾ।