ਨਵੀਂ ਦਿੱਲੀ (ਏਜੰਸੀਆਂ) : ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਜਨਤਾ ਪਹਿਲਾਂ ਤੋਂ ਹੀ ਪਰੇਸ਼ਾਨ ਹੈ। ਹੁਣ ਪਿਆਜ਼ ਵੀ ਆਮ ਲੋਕਾਂ ਨੂੰ ਰੁਆਣ ਲੱਗ ਪਿਆ ਹੈ। ਇਸ ਕਾਰਨ ਘਰੇਲੂ ਬਜਟ ਵੀ ਵਿਗੜ ਗਿਆ ਹੈ। ਦਿੱਲੀ ਦੇ ਥੋਕ ਬਾਜ਼ਾਰ ਵਿੱਚ ਪਿਆਜ਼ 50 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ, ਜਦੋਂਕਿ ਇਸ ਦੀ ਪ੍ਰਚੂਨ ਕੀਮਤ 65 ਤੋਂ 75 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਿਛਲੇ ਡੇਢ ਮਹੀਨੇ ਵਿੱਚ ਪਿਆਜ਼ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ।
ਦੋ ਦਿਨਾਂ ਵਿੱਚ 970 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ :
ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਦੀ ਮਾਰਕੀਟ ਲਾਸਲਗਾਓਂ ਵਿੱਚ ਪਿਆਜ਼ ਦੀ ਔਸਤਨ ਥੋਕ ਕੀਮਤ ਪਿਛਲੇ ਦੋ ਦਿਨਾਂ ਵਿੱਚ ਲਗਭਗ 970 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 4200 ਤੋਂ 4500 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਪਿਆਜ਼ ਦੇਸ਼ ਭਰ ਵਿੱਚ ਨਾਸਿਕ ਦੇ ਲਾਸਲਗਾਓਂ ਤੋਂ ਭੇਜਿਆ ਜਾਂਦਾ ਹੈ। ਗੋਰਖਪੁਰ ਵਿੱਚ, ਨਾਸਿਕ ਤੋਂ ਆਉਣ ਵਾਲਾ ਪਿਆਜ਼ ਥੋਕ ਵਿੱਚ 45 ਤੋਂ 48 ਰੁਪਏ ਵਿੱਚ, ਗੁਜਰਾਤ ਦੇ ਭਾਵਨਗਰ ਤੋਂ ਪਿਆਜ਼ 40 ਰੁਪਏ ਵਿੱਚ ਅਤੇ ਪਿਆਜ਼ ਬੰਗਾਲ ਤੋਂ 25 ਰੁਪਏ ਕਿਲੋ ਵਿਕ ਰਿਹਾ ਹੈ।
ਇਸ ਕਰਕੇ ਮਹਿੰਗਾ ਹੋਇਆ ਪਿਆਜ਼ :
ਦਰਅਸਲ, ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਵਿੱਚ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਹੋਈ। ਇਸ ਕਾਰਨ ਪਿਆਜ਼ ਦੀ ਫਸਲ ਨੂੰ ਬਹੁਤ ਨੁਕਸਾਨ ਹੋਇਆ, ਜਿਸ ਕਾਰਨ ਥੋਕ ਬਾਜ਼ਾਰ ਵਿੱਚ ਪਿਆਜ਼ ਦੀ ਆਮਦ ਘੱਟ ਗਈ। ਇਨ੍ਹਾਂ ਸਾਰੇ ਕਾਰਕਾਂ ਦੇ ਕਾਰਨ ਪਿਆਜ਼ ਦੀਆਂ ਕੀਮਤਾਂ ਵੱਧ ਰਹੀਆਂ ਹਨ। ਇੰਨਾ ਹੀ ਨਹੀਂ, ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਮਾਲ-ਭਾੜਾ ਵੀ ਵਧਿਆ ਹੈ।