ਇਸਲਾਮਾਬਾਦ : ਪਾਕਿਸਤਾਨ ਦੇ ਲਾਹੌਰ ਵਿਚ ਸਭ ਤੋਂ ਪੁਰਾਣੀ ਮਸ਼ਹੂਰ ਸੂਫੀ ਦਰਗਾਹ ਦੇ ਬਾਹਰ ਹੋਏ ਸ਼ਕਤੀਸ਼ਾਲੀ ਆਤਮਘਾਤੀ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਜ਼ਖਮੀ ਇਕ ਹੋਰ ਪੁਲਸ ਕਰਮੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਇਹ ਧਮਾਕਾ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਹੋਇਆ। ਇਸ ਹਮਲੇ ਨੂੰ ਇਕ ਨਾਬਾਲਗ ਤਾਲਿਬਾਨੀ ਮੁੰਡੇ ਨੇ ਅੰਜਾਮ ਦਿੱਤਾ ਜਿਸ ਨੇ 11ਵੀਂ ਸਦੀ ਦੀ ਇਸ ਦਰਗਾਹ ਨੇੜੇ ਧਮਾਕਾ ਕਰ ਕੇ ਖੁਦ ਨੂੰ ਉਡਾ ਲਿਆ। ਜਿਓ ਨਿਊਜ਼ ਦੀਆਂ ਖਬਰਾਂ ਵਿਚ ਦੱਸਿਆ ਗਿਆ ਕਿ ਇਸ ਧਮਾਕੇ ਵਿਚ 6 ਪੁਲਸ ਕਰਮੀਆਂ ਸਮੇਤ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖਬਰ ਮੁਤਾਬਕ ਹੋਰ 26 ਲੋਕ ਜ਼ਖਮੀ ਹੋਏ ਹਨ। ਲਾਹੌਰ ਪੁਲਸ ਦੇ ਬੁਲਾਰੇ ਸੈਯਦ ਮੁਬਾਸ਼ਿਰ ਨੇ ਬੁੱਧਵਾਰ ਨੂੰ ਦੱਸਿਆ, ''ਆਤਮਘਾਤੀ ਹਮਲਾਵਰ ਕਰੀਬ 15 ਸਾਲ ਦਾ ਸੀ ਅਤੇ ਧਮਾਕਾ ਕਰਨ ਤੋਂ ਪਹਿਲਾਂ ਉਸ ਦੀ ਕੋਈ ਗਤੀਵਿਧੀ ਸ਼ੱਕੀ ਨਹੀਂ ਸੀ।''