ਨਵੀਂ ਦਿੱਲੀ (ਏਜੰਸੀਆਂ) : ਮੋਬਾਈਲ ਐਪ ਨਾਲ ਵਾਹਨ ਆਧਾਰਤ ਕੈਬ ਸਰਵਿਸ ਮੁਹੱਈਆ ਕਰਵਾਉਣ ਵਾਲੀ ਉਬਰ ਕੰਪਨੀ ਡਰਾਈਵਰਾਂ ਨਾਲ ਚੱਲ ਰਿਹਾ ਮੁਕੱਦਮਾ ਹਾਰ ਗਈ ਹੈ। ਅਜਿਹੇ ਵਿਚ ਉਹ ਹੁਣ ਬ੍ਰਿਟੇਨ ’ਚ ਆਪਣੇ ਡਰਾਈਵਰਾਂ ਨੂੰ ’ਸੈਲਫ ਇੰਪਲਾਈਡ’ ਯਾਨੀ ਸਵੈ-ਰੁਜ਼ਗਾਰ ਦੀ ਸ਼੍ਰੇਣੀ ’ਚ ਨਹੀਂ ਰੱਖ ਸਕੇਗੀ ਸਗੋਂ ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਸ ਨੂੰ ਆਪਣੇ ਡਰਾਈਵਰਾਂ ਨੂੰ ਕੰਪਨੀ ਦਾ ਮੁਲਾਜ਼ਮ ਮੰਨਣਾ ਪਵੇਗਾ ਅਤੇ ਡਰਾਈਵਰਾਂ ਨੂੰ ਘੱਟੋ-ਘੱਟ ਤਨਖ਼ਾਹ, ਬਿਮਾਰ ਰਹਿਣ ਦੌਰਾਨ ਤਨਖ਼ਾਹ ਭੁਗਤਾਨ ਤੇ ਛੁੱਟੀਆਂ ਵਰਗੀਆਂ ਸਹੂਲਤਾਂ ਦੇਣੀਆਂ ਪੈਣਗੀਆਂ। ਕੋਰਟ ਨੇ ਇਸ ਫ਼ੈਸਲੇ ਨਾਲ ਦੁਨੀਆ ਭਰ ’ਚ ਕੰਪਨੀ ਨੂੰ ਆਪਣੇ ਡਰਾਈਵਰਾਂ ਦੇ ਨਾਲ ਬਰਾਬਰ ਵਿਵਹਾਰ ਕਰਨ ਦਾ ਦਬਾਅ ਵਧੇਗਾ।
ਜਾਣਕਾਰੀ ਅਨੁਸਾਰ ਉਬਰ ਦੇ ਕੁਝ ਡਰਾਈਵਰਾਂ ਨੇ ਕੰਪਨੀ ਸਾਹਮਣੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸਵੈ-ਰੁਜ਼ਗਾਰਕਰਤਾ ਨਹੀਂ, ਬਲਕਿ ਮੁਲਾਜ਼ਮ ਮੰਨਿਆ ਜਾਵੇ। ਉਨ੍ਹਾਂ ਨੂੰ ਬ੍ਰਿਟੇਨ ਦੇ ਕਾਨੂੰਨ ਤਹਿਤ ਉਹ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ।