ਗਰਮੀ ਵੰਡਣ ਵਾਲੇ ਥਾਵਾਂ ’ਤੇ ਪਈ ਭਾਰੀ ਬਰਫ਼ਬਾਰੀ
ਰਿਆਦ (ਏਜੰਸੀਆਂ): ਰੇਗਿਸਤਾਨ ਅਤੇ ਭਿਆਨਕ ਗਰਮੀ ਲਈ ਪ੍ਰਸਿੱਧ ਸਾਊਦੀ ਅਰਬ ਵਿਚ ਅਚਾਨਕ ਹੋਈ ਭਾਰੀ ਬਰਫਬਾਰੀ ਨਾਲ ਹਰ ਕੋਈ ਹੈਰਾਨ ਹੈ। ਰੇਗਿਸਤਾਨ ਦੀ ਰੇਤ ’ਤੇ ਬਰਫ ਦੀ ਸਫੈਦ ਚਾਦਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਲਗਭਗ 50 ਸਾਲ ਬਾਅਦ ਸਾਊਦੀ ਅਰਬ ਵਿਚ ਇੰਨੇ ਵੱਡੇ ਪੈਮਾਨੇ ’ਤੇ ਬਰਫਬਾਰੀ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਾਊਦੀ ਅਰਬ ਵਿਚ ਬਰਫਬਾਰੀ ਹੋ ਚੁੱਕੀ ਹੈ ਪਰ ਉਦੋਂ ਇਸ ਦੀ ਮਾਤਰਾ ਬੇਹੱਦ ਘੱਟ ਸੀ।
ਸਾਊਦੀ ਅਰਬ ਵਿਚ ਹੋਈ ਭਿਆਨਕ ਬਰਫਬਾਰੀ ਪੂਰੀ ਖਾੜੀ ਦੇਸ਼ਾਂ ਲਈ ਇਕ ਬੇਹੱਦ ਖ਼ਾਸ ਘਟਨਾ ਦੱਸੀ ਜਾ ਰਹੀ ਹੈ। ਇਕ ਹਫ਼ਤੇ ਪਹਿਲਾਂ ਹੀ ਖਾੜੀ ਦੇ ਦੇਸ਼ਾਂ ਵਿਚ ਬਰਫੀਲੀਆਂ ਸਰਦੀਆਂ ਦਾ ਮੌਸਮ ਆਇਆ ਹੈ। ਰਾਤ ਨੂੰ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਕਈ ਹਿੱਸਿਆਂ ਵਿਚ ਮਾਈਨਸ ਤੱਕ ਪੁੱਜ ਗਿਆ ਹੈ। ਅਜਿਹੇ ਵਿਚ ਲੋਕ ਦਿਨ ਵਿਚ ਗਰਮੀ ਤੇ ਰਾਤ ਨੂੰ ਠੰਡ ਨਾਲ ਜੂਝ ਰਹੇ ਹਨ।
ਸਾਊਦੀ ਅਰਬ ਦੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਦਾ ਤਾਪਮਾਨ ਹੋਰ ਘੱਟ ਹੋ ਸਕਦਾ ਹੈ। ਅਜਿਹੇ ਵਿਚ ਲੋਕ ਰਾਤ ਵਿਚ ਨਿਕਲਦੇ ਸਮੇਂ ਠੰਡ ਤੋਂ ਬਚਾਅ ਜ਼ਰੂਰ ਕਰਨ।
ਉੱਤਰੀ ਅਫਰੀਕਾ ਦੇ ਸਹਾਰਾ ਰੇਗਿਸਤਾਨ ਵਿਚ ਵਸੇ ਅਲਜੀਰੀਆ ਵਿਚ ਵੀ ਭਾਰੀ ਬਰਫਬਾਰੀ ਦੇਖੀ ਗਈ ਹੈ। ਇੱਥੇ ਰੇਤ ਦੇ ਟਿੱਲੇ ਸਫੈਦ ਚਾਦਰ ਵਿਚ ਲੁਕੇ ਦਿਖਾਈ ਦਿੱਤੇ। ਇੱਥੇ ਕਈ ਹਿੱਸਿਆਂ ਵਿਚ ਤਾਪਮਾਨ ਮਾਈਨਸ 3 ਡਿਗਰੀ ਤੱਕ ਪੁੱਜ ਗਿਆ ਹੈ।