ਬਾਂਕੁਰਾ : ਪੱਛਮੀ ਬੰਗਾਲ ਦੇ ਬਾਂਕੁਰਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਨਵਾਂ ਨਾਅਰਾ ਦਿੱਤਾ। ਉਨ੍ਹਾਂ ਨੇ ਰੈਲੀ 'ਚ 'ਚੁੱਪਚਾਪ ਕਮਲ ਛਾਪ' ਅਤੇ 'ਬੂਥ-ਬੂਥ ਤੋਂ ਟੀ.ਐੱਮ.ਸੀ. ਸਾਫ' ਦੇ ਨਾਅਰੇ ਲਗਵਾਏ। ਮੋਦੀ ਨੇ ਇਸ ਦੌਰਾਨ ਕਿਹਾ ਕਿ ਮਮਤਾ ਬੈਨਰਜੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੰਨਣ ਲਈ ਤਿਆਰ ਨਹੀਂ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਮੰਨਣ 'ਤੇ ਉਨ੍ਹਾਂ ਨੂੰ ਮਾਣ ਹੁੰਦਾ ਹੈ। ਪੀ.ਐੱਮ. ਨੇ ਕਿਹਾ ਕਿ ਬੰਗਾਲ 'ਚ ਰਾਮ ਦਾ ਨਾਂ ਲੈਣ ਵਾਲੇ ਵੀ ਪਰੇਸ਼ਾਨ ਹਨ।
ਮੋਦੀ ਨੇ ਕਿਹਾ, ''ਦੀਦੀ ਮੇਰੇ ਲਈ ਪੱਥਰਾਂ ਅਤੇ ਥੱਪੜਾਂ ਦੀ ਗੱਲ ਕਰਦੀ ਹੈ। ਅਸੀਂ ਗਾਲ੍ਹਾਂ ਨੂੰ ਹਜਮ ਕਰਨ ਦੀ ਤਾਕਤ ਬਣਾ ਲਈ ਹੈ। ਉਹ ਦੇਸ਼ ਦੇ ਪੀ.ਐੱਮ. ਨੂੰ ਪੀ.ਐੱਮ. ਮੰਨਣ ਲਈ ਤਿਆਰ ਨਹੀਂ ਹੈ ਪਰ ਪਾਕਿਸਤਾਨ ਦੇ ਪੀ.ਐੱਮ. ਨੂੰ ਪੀ.ਐੱਮ. ਮੰਨਣ 'ਤੇ ਉਨ੍ਹਾਂ ਨੂੰ ਮਾਣ ਦਾ ਅਨੁਭਵ ਹੁੰਦਾ ਹੈ। ਪੱਛਮੀ ਬੰਗਾਲ 'ਚ ਜਦੋਂ ਸਮੁੰਦਰੀ ਤੂਫਾਨ ਆਇਆ ਤਾਂ ਮੈਂ ਉਨ੍ਹਾਂ ਨੂੰ 2 ਵਾਰ ਫੋਨ ਕੀਤਾ ਪਰ ਉਨ੍ਹਾਂ ਦਾ ਹੰਕਾਰ ਇੰਨਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਪੀ.ਐੱਮ. ਨਾਲ ਗੱਲ ਕਰਨਾ ਉੱਚਿਤ ਨਹੀਂ ਮੰਨਿਆ।'' ਉਨ੍ਹਾਂ ਨੇ ਕਿਹਾ, ''ਭਾਰਤ ਸਰਕਾਰ ਇੱਥੋਂ ਦੇ ਅਫ਼ਸਰਾਂ ਨਾਲ ਬੈਠ ਕੇ ਮੀਟਿੰਗ ਕਰਨਾ ਚਾਹੁੰਦਾ ਸੀ ਪਰ ਉਨ੍ਹਾਂ ਨੇ ਉਹ ਵੀ ਮਨ੍ਹਾ ਕਰ ਦਿੱਤਾ। ਦੀਦੀ ਦੇ ਅੱਤਿਆਚਾਰ ਹੀ ਉਨ੍ਹਾਂ ਦੀ ਸੱਤਾ ਨੂੰ ਉਖਾੜ ਸੁੱਟਣ ਦਾ ਸੰਕਲਪ ਹੋਰ ਮਜ਼ਬੂਤ ਕਰ ਰਹੇ ਹਨ। ਇਸ ਤੋਂ ਬਾਅਦ ਮੋਦੀ ਨੇ 'ਚੁੱਪਚਾਪ ਕਮਲ ਛਾਪ' ਅਤੇ 'ਬੂਥ-ਬੂਥ ਤੋਂ ਟੀ.ਐੱਮ.ਸੀ. ਸਾਫ਼' ਦੇ ਨਾਅਰੇ ਲਗਵਾਏ।'' ਮੋਦੀ ਨੇ ਕਿਹਾ, ''ਦੀਦੀ ਇਸ ਮਾਟੀ ਦਾ ਰੰਗ ਬਦਲਣਾ ਚਾਹੁੰਦੀ ਹੈ ਅੱਜ ਸਥਿਤੀ ਇਹ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤਾਂ ਦੀਦੀ ਹੈ ਪਰ ਦੀਦੀ ਪਿੱਛੇ ਰਹਿ ਕੇ ਕਿਸ ਤਰ੍ਹਾਂ ਦੇ ਲੋਕਾਂ ਦੀ ਦਾਦਾਗੀਰੀ ਅਤੇ ਹਕੂਮਤ ਚਲਵਾ ਰਹੀ ਹੈ।''
ਪੱਛਮੀ ਬੰਗਾਲ ਸਰਕਾਰ ਤੋਂ ਸਾਰੇ ਪਰੇਸ਼ਾਨ
ਪੀ.ਐੱਮ. ਮੋਦੀ ਨੇ ਕਿਹਾ, ''ਪੱਛਮੀ ਬੰਗਾਲ ਦੀ ਸਰਕਾਰ ਤੋਂ ਅਧਿਆਪਕ ਵੀ ਪਰੇਸ਼ਾਨ, ਕਿਸਾਨ ਵੀ ਪਰੇਸ਼ਾਨ ਅਤੇ ਭਗਵਾਨ ਦਾ ਨਾਂ ਲੈਣ ਵਾਲਾ ਵੀ ਪਰੇਸ਼ਾਨ ਹੈ। ਦੀਦੀ ਦੇ ਪਾਰਟੀ ਦੇ ਟੋਲੇਬਾਜ਼ ਮਨਰੇਗਾ ਤੱਕ ਨੂੰ ਨਹੀਂ ਛੱਡ ਰਹੇ ਹਨ, ਜਾਬ (ਨੌਕਰੀ) ਕਾਰਡ ਗਰੀਬਾਂ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਵੀ ਟੀ.ਐੱਮ.ਸੀ. ਦੇ ਟੋਲੇਬਾਜ਼ਾਂ ਨੇ ਦਬਾ ਕੇ ਰੱਖਿਆ ਹੈ। ਤੁਹਾਨੂੰ ਸਸਤੇ ਚਾਵਲ ਮਿਲਣ, ਇਸ ਲਈ ਦਿੱਲੀ ਤੋਂ ਸਰਕਾਰ ਪੈਸੇ ਭੇਜਦੀ ਹੈ ਪਰ ਇੱਥੇ ਟੀ.ਐੱਮ.ਸੀ. ਦਾ ਸਿੰਡੀਕੇਟ ਉਸ ਨੂੰ ਹੀ ਲੁੱਟ ਲੈਂਦਾ ਹੈ।''
ਮੋਦੀ ਨਾਲ 130 ਕਰੋੜ ਭਾਰਤਵਾਸੀਆਂ ਦਾ ਪਿਆਰ
ਮੋਦੀ ਨੇ ਕਿਹਾ, ''ਜਦੋਂ ਮੋਦੀ ਟੀ.ਐੱਮ.ਸੀ. ਦੇ ਅੱਤਿਆਚਾਰ ਦੀ ਗੱਲ ਕਰਦਾ ਹੈ ਤਾਂ ਦੀਦੀ ਨੂੰ ਗੁੱਸਾ ਆ ਜਾਂਦਾ ਹੈ। ਮੋਦੀ ਨੂੰ ਦੀਦੀ ਦੇ ਗੁੱਸੇ ਦੀ ਚਿੰਤਾ ਨਹੀਂ ਹੈ, ਕਿਉਂਕਿ 130 ਕਰੋੜ ਭਾਰਤਵਾਸੀਆਂ ਦਾ ਪਿਆਰ ਮੋਦੀ ਨਾਲ ਹੈ। ਦੀਦੀ ਨੂੰ ਤਾਂ ਪੱੱਛਮੀ ਬੰਗਾਲ ਦੇ ਉਨ੍ਹਾਂ ਕਰੋੜਾਂ ਵਾਸੀਆਂ ਦੇ ਗੁੱਸੇ ਦੀ ਚਿੰਤਾ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ ਚਿਟਫੰਡ ਦੇ ਨਾਂ 'ਤੇ ਠੱਗਿਆ ਗਿਆ ਸੀ। ਦੀਦੀ ਨੂੰ ਉਨ੍ਹਾਂ ਨੌਜਵਾਨ ਸਾਥੀਆਂ ਦੇ ਗੁੱਸੇ ਦੀ ਚਿੰਤਾ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲੀ। ਉਨ੍ਹਾਂ ਕਰਮਚਾਰੀਆਂ ਦੇ ਗੁੱਸੇ ਦੀ ਚਿੰਤਾ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ ਤਨਖਾਹ, ਡੀ.ਏ. ਨਹੀਂ ਮਿਲ ਰਿਹਾ। ਦੀਦੀ ਨੂੰ ਉਨ੍ਹਾਂ ਕਾਲੀ ਭਗਤਾਂ, ਦੁਰਗਾ ਭਗਤਾਂ, ਸਰਸਵਤੀ ਅਤੇ ਰਾਮ ਭਗਤਾਂ ਦੇ ਗੁੱਸੇ ਦੀ ਚਿੰਤਾ ਕਰਨੀ ਚਾਹੀਦੀ ਹੈ ਜੋ ਡਰ-ਡਰ ਕੇ ਪੂਜਾ ਕਰਨ ਨੂੰ ਮਜ਼ਬੂਰ ਹਨ।''
ਦੀਦੀ ਦੇ ਦਿਲ 'ਚ ਘੁਸਪੈਠੀਆਂ ਲਈ ਮਮਤਾ
ਉਨ੍ਹਾਂ ਨੇ ਕਿਹਾ, ''ਦੀਦੀ ਦੇ ਦਿਲ 'ਚ ਘੁਸਪੈਠੀਆਂ ਲਈ ਵਿਦੇਸ਼ੀ ਕਲਾਕਾਰਾਂ ਲਈ ਮਮਤਾ ਹੈ ਪਰ ਸਾਡੇ ਆਦਿਵਾਸੀ ਨੌਜਵਾਨ, ਸਾਡੇ ਸਪੂਤ ਜੋ ਰਾਸ਼ਟਰ ਰੱਖਿਆ 'ਚ ਆਪਣੀ ਭੂਮਿਕਾ ਨਿਭਾ ਰਹੇ ਹਨ, ਉਨ੍ਹਾਂ ਲਈ ਮਮਤਾ ਦਾ ਨਾਮੋਨਿਸ਼ਾਨ ਨਹੀਂ ਹੈ। ਜਦੋਂ ਸਾਡੇ ਸਪੂਤਾਂ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਘਰ 'ਚ ਜਾ ਕੇ ਮਾਰਿਆ ਤਾਂ ਦੀਦੀ ਨੇ ਅੱਤਵਾਦੀਆਂ ਦੀਆਂ ਲਾਸ਼ਾਂ ਦਿਖਾਉਣ ਦੀ ਮੰਗ ਕੀਤੀ। ਅਜਿਹੇ ਲੋਕਾਂ ਨੂੰ ਪੱਛਮੀ ਬੰਗਾਲ ਦੇ ਲੋਕ ਸਜ਼ਾ ਦੇ ਕੇ ਹੀ ਰਹਿਣਗੇ।''