ਮੁੰਬਈ (ਏਜੰਸੀਆਂ) : ਟੂਲਕਿੱਟ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਦੋਸ਼ੀ ਨਿਕਿਤਾ ਜੈਕਬ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਦੀ ਮੰਗ ਨੂੰ ਸਵੀਕਾਰਦਿਆਂ ਨਿਕਿਤਾ ਦੀ ਗਿਰਫਤਾਰੀ 'ਤੇ ਤਿੰਨ ਹਫਤਿਆਂ ਲਈ ਰੋਕ ਲਗਾ ਦਿੱਤੀ ਹੈ।
ਟੂਲਕਿੱਟ ਮਾਮਲੇ ਵਿਚ ਦਿੱਲੀ ਪੁਲਿਸ ਨੇ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂ ਅਤੇ ਹੋਰਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਨਿਕਿਤਾ ਨੇ ਬੰਬੇ ਹਾਈ ਕੋਰਟ ਵਿੱਚ ਟਰਾਂਜ਼ਿਟ ਜਮਾਨਤ ਦੀ ਅਰਜੀ ਦਿੱਤੀ ਸੀ। ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਜਸਟਿਸ ਪੀ ਡੀ ਨਾਇਕ ਨੇ ਬੁੱਧਵਾਰ ਲਈ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜਸਟਿਸ ਨਾਇਕ ਨੇ ਕਿਹਾ ਕਿ ਤਿੰਨ ਹਫ਼ਤਿਆਂ ਦੇ ਅੰਦਰ ਦੋਸ਼ੀ ਇਸ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਵਿੱਚ ਅਪੀਲ ਕਰ ਸਕਦੇ ਹਨ।
ਧਿਆਨ ਯੋਗ ਹੈ ਕਿ ਨਿਕਿਤਾ ਜੈਕਬ ਟੂਲਕਿਟ ਮਾਮਲੇ ਵਿੱਚ ਗ੍ਰਿਫ਼ਤਾਰ ਐਕਟਿਵਿਸਟ ਦਿਸ਼ਾ ਰਵੀ ਦੀ ਕਰੀਬੀ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਨਿਕਿਤਾ ਨੂੰ ਫੜਨ ਲਈ ਕਈ ਦਿਨਾਂ ਤੋਂ ਮੁੰਬਈ ਵਿੱਚ ਹੈ ਅਤੇ ਨਿਕਿਤਾ ਦੇ ਘਰ ਅਤੇ ਰਿਸ਼ਤੇਦਾਰਾਂ ਦੇ ਘਰਾਂ ਦੀ ਤਲਾਸ਼ੀ ਲੈ ਚੁੱਕੀ ਹੈ। ਦਿੱਲੀ ਪੁਲਿਸ ਦੀ ਟੀਮ ਨੇ ਵੀ ਇਸ ਮਾਮਲੇ ਵਿੱਚ ਇੱਕ ਵਾਰ ਨਿਕੀਤਾ ਤੋਂ ਪੁੱਛਗਿੱਛ ਕੀਤੀ ਹੈ, ਪਰ ਅਗਲੇ ਦਿਨ ਪੁੱਛਗਿੱਛ ਬੁਲਾਉਣ ਤੋਂ ਬਾਅਦ ਉਹ ਫਿਰ ਉਨ੍ਹਾਂ ਸਾਹਮਣੇ ਪੇਸ਼ ਨਹੀਂ ਹੋਈ। ਇਸ ਤੋਂ ਬਾਅਦ, ਦਿੱਲੀ ਪੁਲਿਸ ਨੇ ਨਿਕਿਤਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ।