ਹਫ਼ਤਾ ਭਰ ਚੱਲਣ ਵਾਲੀ ਵਰਕਸ਼ਾਪ ਦੇ ਪਹਿਲੇ ਪੜਾਅ ’ਚ ਉੱਚ ਅਧਿਕਾਰੀਆਂ ਅਤੇ ਵਿਸ਼ਵ ਪੱਧਰੀ ਸੰਸਥਾਵਾਂ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਔਰਤਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ
ਚੰਡੀਗੜ੍ਹ : ਹਿੰਸਾ ਦੀਆਂ ਪੀੜਤ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਦੇ ਅਮਲ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦੋ ਪੜਾਵਾਂ ਵਿੱਚ ‘ਵਨ ਸਟਾਪ ਸਖੀ ਸੈਂਟਰ’ ਵਿਸ਼ੇ ’ਤੇ ਹਫ਼ਤਾ ਭਰ ਚੱਲਣ ਵਾਲੀ ਸੂਬਾ ਪੱਧਰੀ ਆਨਲਾਈਨ ਟਰੇਨਿੰਗ ਵਰਕਸ਼ਾਪ ਕਰਵਾਈ ਜਾ ਰਹੀ ਹੈ।
ਪਹਿਲੇ ਪੜਾਅ ਤਹਿਤ 10 ਤੋਂ 12 ਫ਼ਰਵਰੀ ਤੱਕ ਕਰਵਾਈ ਗਈ ਆਨਲਾਈਨ ਟਰੇਨਿੰਗ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਪੰਜਾਬ ਵਿੱਚ ਵਨ ਸਟਾਪ ਸਖੀ ਸੈਂਟਰਾਂ ਦੇ ਸਟਾਫ਼ ਨੂੰ ਔਰਤਾਂ ਵਿਰੁੱਧ ਹਿੰਸਾ ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ਬਾਰੇ ਵੱਖ-ਵੱਖ ਕਾਨੂੰਨਾਂ, ਨੀਤੀਆਂ, ਹੱਲ ਲਈ ਅਪਣਾਏ ਜਾਂਦੇ ਤੌਰ-ਤਰੀਕਿਆਂ, ਹੋਰ ਵਿਭਾਗਾਂ ਦੀ ਭੂਮਿਕਾ ਅਤੇ ਗੰਭੀਰ ਮੁੱਦਿਆਂ ਨਾਲ ਨਜਿੱਠਣ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਹੈ।
ਡਾਇਰੈਕਟਰ ਸ੍ਰੀ ਵਿਪੁਲ ਉਜਵਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਸ ਟ੍ਰੇਨਿੰਗ ਵਰਕਸ਼ਾਪ ਤੋਂ ਬਾਅਦ ਵਨ ਸਟਾਪ ਸਖੀ ਸੈਂਟਰ ਦਾ ਸਟਾਫ਼ ਔਰਤਾਂ ਵਿਰੱੁਧ ਹਿੰਸਾ ਦੇ ਸਾਰੇ ਮਾਮਲਿਆਂ ਨਾਲ ਸੰਵੇਦਨਸ਼ੀਲ ਢੰਗ ਨਾਲ ਨਜਿੱਠ ਸਕੇਗਾ। ਇਸ ਤੋਂ ਇਲਾਵਾ ਸਟਾਫ਼ ਨੂੰ ਪੀੜਤ ਔਰਤਾਂ ਨੂੰ ਨੈਤਿਕ ਤੇ ਸੰਸਥਾਗਤ ਸਹਾਇਤਾ ਪ੍ਰਦਾਨ ਕਰਨ, ਮਹਿਲਾਵਾਂ ਲਈ ਸੁਖਾਵਾਂ ਤੇ ਸੁਰੱਖਿਅਤ ਮਾਹੌਲ ਪੈਦਾ ਕਰਨ, ਔਰਤਾਂ ਵਿਰੁੱਧ ਹਿੰਸਾ ਨਾਲ ਸਬੰਧਤ ਵੱਖ-ਵੱਖ ਕਾਨੂੰਨਾਂ/ਸੰਵਿਧਾਨਕ ਵਿਵਸਥਾਵਾਂ/ਨੀਤੀਆਂ ਆਦਿ ਵਿੱਚ ਤਾਜ਼ਾ ਸੋਧਾਂ ਅਤੇ ਨਵੀਨਤਮ ਜਾਣਕਾਰੀਆਂ ਨੂੰ ਸਮਝਣ ਅਤੇ ਲਾਗੂ ਕਰਨ, ਪੀੜਤ ਔਰਤਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਅਤੇ ਅਧਿਕਾਰਾਂ ਨੂੰ ਸਮਝਣ, ਸੰਵੇਦਨਸ਼ੀਲ ਅਤੇ ਗ਼ੈਰ-ਪੱਖਪਾਤੀ ਢੰਗ ਨਾਲ ਢੁਕਵੇਂ ਜਵਾਬ ਦੇਣ, ਪੀੜਤ ਔਰਤਾਂ ਨੂੰ ਸਲਾਹ-ਮਸ਼ਵਰਾ ਦੇਣ ਅਤੇ ਉਨਾਂ ਨੂੰ ਸੁਰੱਖਿਆ ਤੇ ਸੁਣਵਾਈ ਲਈ ਸਹਾਇਤਾ ਮੁਹੱਈਆ ਕਰਵਾਉਣ ਦੇ ਯੋਗ ਬਣਾਉਣ ਵਿੱਚ ਵੀ ਟ੍ਰੇਨਿੰਗ ਵਰਕਸ਼ਾਪ ਪੂਰੀ ਮਦਦ ਪ੍ਰਦਾਨ ਕਰੇਗੀ।
ਤਿੰਨ ਦਿਨਾ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਦੌਰਾਨ ਵਧੀਕ ਜ਼ਿਲਾ ਤੇ ਸੈਸ਼ਨ ਜੱਜ-ਕਮ-ਵਧੀਕ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (ਪੀ.ਯੂ.ਐਲ.ਐਸ.ਏ.) ਡਾ. ਮਨਦੀਪ ਮਿੱਤਲ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਣਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਅਪਨੀਤ ਰਿਆਤ, ਯੂ.ਐਨ. ਆਬਾਦੀ ਫ਼ੰਡ (ਯੂ.ਐੱਨ.ਐੱਫ.ਪੀ.ਏ) ਅਤੇ ਓ.ਐਕਸ.ਐਫ.ਏ.ਐਮ. ਇੰਡੀਆ ਦੀ ਸਲਾਹਕਾਰ ਸ੍ਰੀਮਤੀ ਉਜਵਲਾ ਕਾਡਰੇਕਰ, ਵਿਸ਼ਵ ਸਿਹਤ ਸੰਗਠਨ ਦੇ ਮਹਿਲਾਵਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਸਬੰਧੀ ਕੌਮੀ ਪ੍ਰਾਜੈਕਟਸ ਤੋਂ ਨੁਮਾਇੰਦਾ ਡਾ. ਜੁਪਾਕਾ ਮਾਧਵੀ ਅਤੇ ਯੂ.ਐਨ. ਆਬਾਦੀ ਫ਼ੰਡ ਦੀ ਸਲਾਹਕਾਰ ਸ੍ਰੀਮਤੀ ਅਨੂਜਾ ਗੁਲਾਟੀ ਨੇ ਔਰਤਾਂ, ਉਨਾਂ ਦੇ ਅਧਿਕਾਰਾਂ, ਸਿਹਤ ਸਬੰਧੀ ਮੁੱਦਿਆਂ ਅਤੇ ਮੁਆਵਜ਼ਾ ਯੋਜਨਾਵਾਂ ਆਦਿ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।