ਨਵੀਂ ਦਿੱਲੀ : ਰਾਜ ਸਭਾ ਦੇ ਸੰਸਦ ਮੈਂਬਰ ਦਿਨੇਸ਼ ਤ੍ਰਿਵੇਦੀ ਨੇ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਆਪਣੀ ਮੈਂਬਰੀ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ, "ਮੇਰੇ ਸੂਬੇ (ਪੱਛਮੀ ਬੰਗਾਲ) ਵਿੱਚ ਹਿੰਸਾ ਹੋ ਰਹੀ ਹੈ। ਮੈਂ ਅੱਜ ਅਸਤੀਫਾ ਦੇ ਰਿਹਾ ਹਾਂ, ਹਮੇਸ਼ਾ ਦੇਸ਼ ਅਤੇ ਬੰਗਾਲ ਲਈ ਕੰਮ ਕਰਾਂਗਾ।"
ਤ੍ਰਿਣਮੂਲ ਦੇ ਸੰਸਦ ਮੈਂਬਰ, ਜੋ ਦੁਪਹਿਰ ਤਕਰੀਬਨ 1.31 ਵਜੇ ਰਾਜ ਸਭਾ ਵਿੱਚ ਪੰਜ ਮਿੰਟ ਲਈ ਬੋਲਣ ਲਈ ਉੱਠੇ, ਨੇ ਕਿਹਾ, “ਹਰ ਮਨੁੱਖ ਦੀ ਜ਼ਿੰਦਗੀ ਚ ਘੜੀ ਆਉਂਦੀ ਹੈ ਜਦੋਂ ਉਸਨੂੰ ਆਪਣੀ ਅੰਦਰੂਨੀ ਆਵਾਜ਼ ਸੁਣਨੀ ਪੈਂਦੀ ਹੈ। ਇਹ ਪਲ ਮੇਰੀ ਜਿੰਦਗੀ ਵਿਚ ਵੀ ਆ ਗਿਆ ਹੈ ... ਆਤਮਾ ਦੀ ਆਵਾਜ਼ ਕਹਿ ਰਹੀ ਹੈ। ਇਥੇ ਚੁੱਪ ਨਾ ਬੈਠੇ ਰਹੋ। ਇਥੋਂ ਅਸਤੀਫਾ ਦੇਵੋ। ਮੈਂ ਅੱਜ ਅਸਤੀਫਾ ਦੇ ਰਿਹਾ ਹਾਂ, ਮੈਂ ਹਮੇਸ਼ਾ ਦੇਸ਼ ਅਤੇ ਬੰਗਾਲ ਲਈ ਕੰਮ ਕਰਾਂਗਾ। ”
ਉਪ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੇ ਤ੍ਰਿਵੇਦੀ ਨੂੰ ਸਲਾਹ ਦਿੱਤੀ ਕਿ ਅਸਤੀਫ਼ਾ ਦੇਣ ਦੀ ਵੀ ਇੱਕ ਪ੍ਰਕਿਰਿਆ ਹੈ ਅਤੇ ਉਨ੍ਹਾਂ ਨੂੰ ਚੇਅਰਮੈਨ ਦੇ ਸਾਹਮਣੇ ਅਸਤੀਫਾ ਦੇਣਾ ਚਾਹੀਦਾ ਹੈ। ਤ੍ਰਿਵੇਦੀ ਨੇ ਕਿਹਾ ਕਿ ਰੇਲ ਮੰਤਰੀ ਰਹਿੰਦਿਆਂ ਵੀ ਉਨ੍ਹਾਂ ਦੇ ਸਾਹਮਣੇ ਅਜਿਹੀ ਹੀ ਘੜੀ ਆਈ ਸੀ। ਪਾਰਟੀ ਦੀ ਇੱਜ਼ਤ ਕਾਰਨ ਉਹ ਬਹੁਤਾ ਕੁਝ ਨਹੀਂ ਕਰ ਪਾ ਰਿਹਾ ਹੈ ਅਤੇ ਉਨ੍ਹਾਂ ਤੋਂ ਬੰਗਾਲ ਦੇ ਹਾਲਾਤ ਵੇਖੇ ਨਹੀਂ ਜਾ ਰਹੇ ਹਨ। ਉੱਥੇ ਤਸ਼ੱਦਦ ਹੋ ਰਹੀ ਹੈ।
ਧਿਆਨ ਯੋਗ ਹੈ ਕਿ ਦਿਨੇਸ਼ ਤ੍ਰਿਵੇਦੀ ਦਾ ਰਾਜ ਸਭਾ ਕਾਰਜਕਾਲ ਸਤੰਬਰ 2020 ਵਿਚ ਹੀ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਬਿਆਨ ਤੋਂ ਅਜਿਹਾ ਲਗਦਾ ਹੈ ਕਿ ਉਹ ਆਪਣੀ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ। ਉਨ੍ਹਾਂ ਦੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਹਨ।