Friday, November 22, 2024
 

ਰਾਸ਼ਟਰੀ

ਨੌਦੀਪ ਕੌਰ ਬਾਰੇ ਜਾਣੋ, ਕਿਉਂ ਵਿਦੇਸ਼ੀ ਸਿਆਸਤਦਾਨ ਉਸਦਾ ਸਾਥ ਦੇ ਰਹੇ ਹਨ ?

February 11, 2021 02:17 PM

ਨਵੀਂ ਦਿੱਲੀ : ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੌਦੀਪ ਕੌਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ। ਹਰਿਆਣਾ ਪੁਲਿਸ ਵੱਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਸੀ। ਨੌਦੀਪ ਕੌਰ ਉੱਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ 'ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ 'ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਦੂਜੇ ਪਾਸੇ ਨੌਦੀਪ ਦੇ ਪਰਿਵਾਰਕ ਮੈਂਬਰ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰ ਰਹੇ ਹਨ।
ਨੌਦੀਪ ਕੌਰ ਦੀ ਭੈਣ ਰਾਜਵੀਰ ਕੌਰ ਦਾ ਇਹ ਕਹਿਣਾ ਹੈ -ਨੌਦੀਪ ਇੱਕ ਫਾਈਟਰ ਹੈ ਅਤੇ ਉਹ ਡਰਨ ਵਾਲੀ ਕੁੜੀ ਨਹੀਂ ਹੈ।' "ਆਪਣੇ ਅਧਿਕਾਰਾਂ ਲਈ ਕਿਵੇਂ ਲੜਨਾ ਹੈ ਇਹ ਸਾਨੂੰ ਗੁੜ੍ਹਤੀ ਵਿੱਚ ਹਾਸਲ ਹੋਇਆ ਹੈ। ਸੰਘਰਸ਼ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਬਚਪਨ ਤੋਂ ਹੀ ਅਸੀਂ ਜ਼ਿੰਦਗੀ ਦੇ ਹਰ ਪੜਾਅ ਉੱਤੇ ਲੜਾਈ ਲੜ ਕੇ ਅੱਗੇ ਵਧੀਆਂ ਹਾਂ।"
ਜ਼ਿਕਰਯੋਗ ਹੈ ਕਿ ਇਸ ਸਮੇਂ ਦੁਨੀਆਂ ਭਰ ਵਿੱਚ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ। ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਸਮੇਤ ਦੇਸ-ਵਿਦੇਸ਼ ਦੀਆਂ ਕਈ ਸ਼ਖ਼ਸੀਅਤਾਂ ਉਸ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖ ਰਹੀਆਂ ਹਨ। ਮੀਨਾ ਹੈਰਿਸ ਵੱਲੋਂ ਨੌਦੀਪ ਕੌਰ ਨਾਲ ਪੁਲਿਸ ਹਿਰਾਸਤ ਵਿੱਚ ਸਰੀਰਕ ਤੇ ਜਿਨਸੀ ਸੋਸ਼ਣ ਹੋਣ ਬਾਰੇ ਟਵੀਟ ਕੀਤਾ ਸੀ।
ਯੂਕੇ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਨੌਦੀਪ ਬਾਰੇ ਟਵੀਟ ਕਰਕੇ ਉਨ੍ਹਾਂ ਦੀ ਗ੍ਰਿਫ਼਼ਤਾਰੀ ਦੀ ਨਿੰਦਾ ਕੀਤੀ ਹੈ। ਨੌਦੀਪ ਦਾ ਸਬੰਧ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ਨਾਲ ਹੈ। ਦਲਿਤ ਪਰਿਵਾਰ ਵਿੱਚ ਪੈਦਾ ਹੋਈ ਨੌਦੀਪ ਕੌਰ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਗ੍ਰੈਜੂਏਸ਼ਨ ਦਿੱਲੀ ਯੂਨੀਵਰਸਿਟੀ ਤੋਂ ਕਰਨ ਦੀ ਇੱਛਾ ਰੱਖਦੀ ਹੈ।

ਰਾਜਵੀਰ ਕੌਰ ਇਸ ਸਮੇਂ ਦਿੱਲੀ ਯੂਨੀਵਰਸਿਟੀ ਤੋਂ 'ਪਾਕਸਿਤਾਨੀ ਪੰਜਾਬੀ ਕਵਿਤਾ' ਉੱਤੇ ਪੀਐੱਚਡੀ ਕਰ ਰਹੀ ਹੈ। ਆਪਣੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਰਾਜਵੀਰ ਕੌਰ ਕਹਿੰਦੀ ਹੈ, "ਜਿਸ ਤਰ੍ਹਾਂ ਦੇ ਪਰਿਵਾਰਾਂ ਨਾਲ ਸਾਡਾ ਸਬੰਧ ਹੈ ਉੱਥੋਂ ਉਚੇਰੀ ਸਿੱਖਿਆ ਲਈ ਬਹੁਤ ਘੱਟ ਬੱਚੇ ਅੱਗੇ ਆਉਂਦੇ ਹਨ ਕਿਉਂਕਿ ਫ਼ਿਕਰ ਰੋਟੀ ਦਾ ਹੁੰਦਾ ਹੈ ਪਰ ਇਸ ਦੇ ਬਾਵਜੂਦ ਅਸੀਂ ਰੋਟੀ ਕਮਾਉਣ ਦੇ ਨਾਲ-ਨਾਲ ਪੜ੍ਹਾਈ ਲਈ ਵੀ ਸੰਘਰਸ਼ ਜਾਰੀ ਰੱਖਿਆ।" ਰਾਜਵੀਰ ਕੌਰ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਅਤੇ ਦੋ ਭਰਾ ਹਨ। ਪਿਤਾ ਤੇਲੰਗਾਨਾ ਦੀ ਇੱਕ ਫ਼ੈਕਟਰੀ ਵਿੱਚ ਮਜ਼ਦੂਰੀ ਕਰਦੇ ਹਨ ਜਦਕਿ ਮਾਤਾ ਪਿੰਡ ਵਿੱਚ ਰਹਿ ਕੇ ਖੇਤ ਮਜ਼ਦੂਰ ਵਜੋਂ ਜ਼ਿੰਦਗੀ ਬਸਰ ਕਰ ਰਹੇ ਹਨ।

ਰਾਜਵੀਰ ਕੌਰ ਮੁਤਾਬਕ ਦੋਵੇਂ ਭੈਣਾਂ ਕਾਫ਼ੀ ਸਮੇਂ ਤੋਂ ਦਿੱਲੀ ਵਿੱਚ ਹਨ। ਨੌਦੀਪ ਇੱਕ ਫ਼ੈਕਟਰੀ ਵਿੱਚ ਕੰਮ ਕਰਨ ਦੇ ਨਾਲ-ਨਾਲ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨ ਨਾਲ ਜੁੜੀ ਹੋਈ ਹੈ। ਦਿੱਲੀ ਤੋਂ ਪਹਿਲਾਂ ਉਹ ਪੰਜਾਬ ਵਿੱਚ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨ ਨਾਲ ਜੁੜੀ ਹੋਈ ਸੀ।

ਰਾਜਵੀਰ ਕੌਰ ਨੇ ਦੱਸਿਆ ਕਿ ਮਾਪਿਆਂ ਨੇ ਮਜ਼ਦੂਰੀ ਕਰਕੇ ਹੀ ਪਰਿਵਾਰ ਪਾਲਿਆ ਹੈ। ਨੌਦੀਪ ਫ਼ੈਕਟਰੀ ਵਿੱਚ ਕੰਮ ਕਰਦੀ ਹੈ ਜਦਕਿ ਉਹ ਪੜ੍ਹਾਈ ਦੇ ਨਾਲ-ਨਾਲ ਟਰਾਂਸਲੇਸ਼ਨ ਦਾ ਕੰਮ ਕਰਕੇ ਆਪਣਾ ਖਰਚਾ ਪੂਰੀ ਕਰਦੀ ਹੈ। ਉਹ ਦੱਸਦੀ ਹੈ ਕਿ ਖੇਤਾਂ ਵਿੱਚ ਮਜ਼ਦੂਰੀ ਕਰਕੇ ਥੋੜੇ-ਥੋੜੇ ਪੈਸੇ ਜੋੜਕੇ ਦੋਵਾਂ ਭੈਣਾਂ ਨੇ 12ਵੀਂ ਕੀਤੀ ਅਤੇ ਫਿਰ ਪ੍ਰਾਈਵੇਟ ਨੌਕਰੀ ਲਈ ਉਹ ਦਿੱਲੀ ਆ ਗਈਆਂ।

ਰਾਜਵੀਰ ਕਹਿੰਦੀ ਹੈ, "ਜਾਤ ਦੇ ਆਧਾਰ ਉੱਤੇ ਵਿਤਕਰਾ, ਸਮਾਜ ਦਾ ਨਜ਼ਰੀਆ, ਇਹ ਸਾਰਾ ਕੁਝ ਅਸੀਂ ਬਚਪਨ ਤੋਂ ਦੇਖਿਆ ਹੈ। ਇਸ ਕਰਕੇ ਅਸੀਂ ਘਬਰਾਉਂਦੇ ਨਹੀਂ ਹਾਂ। ਪਿੰਡ ਵਿੱਚ ਸਾਡਾ ਘਰ ਅਜੇ ਵੀ ਕੱਚਾ ਹੈ। ਮਾਤਾ ਹੁਣ ਵੀ ਸੀਜ਼ਨ ਦੌਰਾਨ ਖੇਤਾਂ ਵਿੱਚ ਮਜ਼ਦੂਰੀ ਕਰਦੀ ਹੈ।"

ਉਹ ਕਹਿੰਦੀ ਹੈ ਕਿ ਨੌਦੀਪ ਨਾਲ ਜੋ ਕੁਝ ਹੋਇਆ, ਉਸ ਵਿੱਚ ਪੂਰਾ ਪਰਿਵਾਰ ਉਸ ਦੇ ਨਾਲ ਹੈ। ਰਾਜਵੀਰ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਭੈਣ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਅੰਦਰ ਪੈਂਦੇ ਇੱਕ ਉਦਯੋਗ ਵਿੱਚ ਕੰਮ ਕਰਦੀ ਸੀ ਤੇ ਪਰਵਾਸੀ ਮਜ਼ਦੂਰਾਂ ਦੀ ਆਵਾਜ਼ ਚੁੱਕਦੀ ਸੀ।

ਨੌਦੀਪ ਮਜ਼ਦੂਰ ਅਧਿਕਾਰ ਸੰਘਰਸ਼ (ਐੱਮਏਐੱਸ) ਦੀ ਮੈਂਬਰ ਹੈ ਅਤੇ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਦੇਣ ਤੋਂ ਇਨਕਾਰ ਕਰਨ ਵਾਲੇ ਉਦਯੋਗਾਂ ਦੇ ਦਰਵਾਜ਼ੇ ਮੂਹਰੇ ਧਰਨੇ ਲਗਾਉਣ ਵਿੱਚ ਕਾਫ਼ੀ ਸਰਗਰਮ ਸੀ।
ਰਾਜਵੀਰ ਨੇ ਕਿਹਾ ਕਿ ਕੇਆਈਏ ਦੇ ਨੇੜੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨਾਂ ਵੱਲੋਂ ਧਰਨਾ ਲੱਗਣ ਤੋਂ ਬਾਅਦ , ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ।
ਉਨ੍ਹਾਂ ਅੱਗੇ ਕਿਹਾ, "ਮੇਰੀ ਭੈਣ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਬਦਲੇ ਆਪਣੀ ਨੌਕਰੀ ਗਵਾਉਣੀ ਪਈ।" ਪੁਲਿਸ ਵੱਲੋਂ ਜਬਰਨ ਪੈਸੇ ਵਸੂਲੀ ਸਬੰਧੀ ਲਾਈਆਂ ਗਈਆਂ ਧਾਰਾਵਾਂ ਬਾਰੇ ਰਾਜਵੀਰ ਕੌਰ ਕਹਿੰਦੀ ਹੈ, "ਕੇਆਈਏ ਨੇ ਇੱਕ ਕੁਇੱਕ ਰਿਸਪੌਂਸ ਟੀਮ (ਕਿਊਆਰਟੀ) ਬਣਾਈ ਹੈ ਜੋ ਮਜ਼ਦੂਰਾਂ ਦੁਆਰਾ ਲੰਬਿਤ ਮਜ਼ਦੂਰੀ ਦੇ ਮਾਮਲੇ ਵਿੱਚ ਕਿਸੇ ਵੀ ਧਰਨੇ ਦਾ ਆਯੋਜਨ ਕਰਨ ਦੀ ਕੋਸ਼ਿਸ਼ ਨੂੰ ਰੋਕਣ ਦਾ ਕੰਮ ਕਰਦੀ ਹੈ।" "28 ਦਸੰਬਰ ਨੂੰ ਜਦੋਂ ਐੱਮਏਐੱਸ ਦੁਆਰਾ ਬਕਾਇਆ ਮਜ਼ਦੂਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਕਿਉਆਰਟੀ ਨੇ ਤਨਖ਼ਾਹ ਦੀ ਮੰਗ ਕਰਦੇ ਮੁਜ਼ਾਹਰਾਕਾਰੀਆਂ ਦੇ ਦਬਾਅ ਨੂੰ ਭੰਗ ਕਰਨ ਲਈ ਉਨ੍ਹਾਂ 'ਤੇ ਹਮਲਾ ਕਰ ਦਿੱਤਾ।"
"ਇਸ ਸਬੰਧੀ ਸ਼ਿਕਾਇਤ ਸੋਨੀਪਤ ਦੇ ਐੱਸਪੀ ਨੂੰ ਭੇਜੀ ਗਈ ਸੀ ਤਾਂ ਕਿ ਕਿਊਆਰਟੀ ਦੇ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਪਰ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਗਿਆ।" ਰਾਜਵੀਰ ਕੌਰ ਨੇ ਦੱਸਿਆ ਕਿ 12 ਜਨਵਰੀ ਨੂੰ ਜਦੋਂ ਨੌਦੀਪ ਐੱਮਏਐੱਸ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਕੇਆਈਏ ਦੇ ਅੰਦਰ ਇੱਕ ਉਦਯੋਗ ਦੇ ਬਾਹਰ ਧਰਨਾ ਦੇ ਰਹੇ ਸਨ, ਪੁਲਿਸ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਦੀ ਭੈਣ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਗ੍ਰਿਫ਼ਤਾਰ ਕਰ ਕੇ ਲੈ ਗਏ।
ਉਨ੍ਹਾਂ ਨੇ ਇਲਜ਼ਾਮ ਲਗਾਇਆ, "ਨੌਦੀਪ ਨੂੰ ਸਿਰਫ਼ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਵੀ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਅੰਦਰੂਨੀ ਹਿੱਸਿਆਂ 'ਤੇ ਬੇਰਹਿਮੀ ਨਾਲ ਠੁੱਡੇ ਮਾਰੇ ਗਏ।"

 

Have something to say? Post your comment

 
 
 
 
 
Subscribe