Friday, November 22, 2024
 

ਰਾਸ਼ਟਰੀ

ਗਣਤੰਤਰ ਦਿਵਸ ਹਿੰਸਾ : ਸੁਪਰੀਮ ਕੋਰਟ ਨੇ ਥਰੂਰ ਅਤੇ ਸਰਦੇਸਾਈ ਦੀ ਗ੍ਰਿਫ਼ਤਾਰੀ ’ਤੇ ਲਗਾਈ ਰੋਕ

February 09, 2021 10:13 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਗੁੰਮਰਾਹ ਕਰਨ ਵਾਲੇ ਟਵੀਟ ਦੇ ਸਿਲਸਿਲੇ ਵਿਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਸਰਦੇਸਾਈ ਸਮੇਤ 6 ਪੱਤਰਕਾਰਾਂ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਲੈ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਮੰਗਲਵਾਰ ਨੂੰ ਰੋਕ ਲਗਾ ਦਿਤੀ ਹੈ। ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਥਰੂਰ, ਸਰਦੇਸਾਈ ਅਤੇ ਪੱਤਰਕਾਰ ਮ੍ਰਿਣਾਲ ਪਾਂਡੇ, ਜਫਰ ਆਗਾ, ਪਰੇਸ਼ ਨਾਥ, ਵਿਨੋਦ ਕੇ. ਜੋਸ ਅਤੇ ਅਨੰਤ ਨਾਥ ਦੀ ਪਟੀਸ਼ਨ ’ਤੇ ਕੇਂਦਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦਾ ਜਵਾਬ ਮੰਗਿਆ ਹੈ।
ਬੈਂਚ ਨੇ ਜਦੋਂ ਕਿਹਾ ਕਿ ਉਹ ਇਸ ਮਾਮਲੇ ਵਿਚ ਨੋਟਿਸ ਜਾਰੀ ਕਰ ਰਹੀ ਹੈ ਤਾਂ ਥਰੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਦੋਂ ਤਕ ਪਟੀਸ਼ਨਕਰਤਾਵਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਵੇ। ਬੈਂਚ ਨੇ ਇਸ ’ਤੇ ਕਿਹਾ ਕਿ ਕੁਝ ਨਹੀਂ ਹੋਣ ਜਾ ਰਿਹਾ। ਬੈਂਚ ’ਚ ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਵੀ. ਰਾਮਸੁਬਰਮਣੀਅਮ ਵੀ ਸ਼ਾਮਲ ਹਨ। ਅਦਾਲਤ ਦੇ ਇਹ ਕਹਿਣ ’ਤੇ ਕਿ ਇਸ ਦਰਮਿਆਨ ਪਟੀਸ਼ਨਕਰਤਾਵਾਂ ਨੂੰ ਕੁਝ ਨਹੀਂ ਹੋਣ ਜਾ ਰਿਹਾ, ਕਪਿਲ ਸਿੱਬਲ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦਿੱਲੀ ਪੁਲਿਸ ਅਤੇ ਹੋਰ ਸੂਬਿਆਂ ਦੀ ਪੁਲਿਸ ਵਲੋਂ ਪੇਸ਼ ਹੋ ਰਹੇ ਹਨ ਅਤੇ ਉਹ ਇਸ ਦਰਮਿਆਨ ਮੇਰੇ ਦਰਵਾਜ਼ੇ ’ਤੇ ਦਸਤਕ ਦੇ ਕੇ ਮੈਨੂੰ ਗ੍ਰਿਫ਼ਤਾਰ ਕਰ ਸਕਦੇ ਹਨ।
ਸਿੱਬਲ ਨੇ ਕਿਹਾ ਕਿ ਕ੍ਰਿਪਾ ਕਰ ਕੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਇਸ ’ਤੇ ਬੈਂਚ ਨੇ ਕਾਨੂੰਨ ਅਧਿਕਾਰੀ ਤੋਂ ਪੁਛਿਆ ਕਿ ਕੀ ਪੁਲਿਸ ਥਰੂਰ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਮਹਿਤਾ ਨੇ ਕਿਹਾ ਕਿ ‘ਭਿਆਨਕ’ ਟਵੀਟ ਕੀਤੇ ਗਏ ਸਨ। ਮੈਂ ਤੁਹਾਨੂੰ ਵਿਖਾ ਸਕਦਾ ਹਾਂ ਕਿ ਇਨ੍ਹਾਂ ਟਵੀਟਾਂ ਦਾ ਕਿੰਨਾ ਭਿਆਨਕ ਅਸਰ ਹੈ, ਜਿਨ੍ਹਾਂ ਦੇ ਫਾਲੋਅਰਜ਼ ਲੱਖਾਂ ਵਿਚ ਹਨ। ਬੈਂਚ ਨੇ ਮਹਿਤਾ ਤੋਂ ਪੁਛਿਆ, ਕੀ ਤੁਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਾ ਰਹੇ ਹੋ? ਸਾਲਿਸਿਟਰ ਜਨਰਲ ਤੁਸ਼ਾਰ ਮਹਿਰਾ ਨੇ ਕਿਹਾ ਕਿ ਮਾਣਯੋਗ ਮੈਂ ਤੁਹਾਡੇ ਸਾਹਮਣੇ ਹਾਂ। ਕ੍ਰਿਪਾ ਕੱਲ ਸੁਣਵਾਈ ਕਰੋ।
ਬੈਂਚ ਨੇ ਮਹਿਤਾ ਤੋਂ ਪੁਛਿਆ ਕਿ ਕੀ ਉਹ ਸਾਰੇ ਸੰਬੰਧਤ ਸੂਬਿਆਂ ਵਲੋਂ ਪੇਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਲਈ ਪੇਸ਼ ਹੋਵਾਂਗਾ। ਪਟੀਸ਼ਨਕਰਤਾਵਾਂ ਨੂੰ ਸੁਰੱਖਿਆ ਦਿਤੇ ਜਾਣ ਦੀ ਦਲੀਲ ਦਿੰਦੇ ਹੋਏ ਸਿੱਬਲ ਨੇ ਕਿਹਾ ਕਿ ਜੇਕਰ ਸੁਰੱਖਿਆ ਦਿਤੀ ਜਾਂਦੀ ਹੈ ਤਾਂ ਕੀ ਪੱਖਪਾਤ ਹੋਵੇਗਾ? ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਦੋ ਹਫ਼ਤਿਆਂ ਬਾਅਦ ਸੁਣਾਂਗੇ ਅਤੇ ਉਦੋਂ ਤਕ ਗ੍ਰਿਫ਼ਤਾਰੀ ’ਤੇ ਰੋਕ ਰਹੇਗੀ।  

 

Have something to say? Post your comment

 
 
 
 
 
Subscribe