ਯੇਰੂਸ਼ਲਮ : ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸੋਮਵਾਰ ਨੂੰ ਯੇਰੂਸ਼ਲਮ ਦੀ ਅਦਾਲਤ ਵਿਚ ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਰਸਮੀ ਜਵਾਬ ਦੇਣ ਲਈ ਪੇਸ਼ ਹੋਏ। ਕੁਝ ਹੀ ਹਫ਼ਤਿਆਂ ਬਾਅਦ ਇੱਥੇ ਆਮ ਚੋਣਾਂ ਹੋਣੀਆਂ ਹਨ।
ਨੇਤਨਯਾਹੂ ’ਤੇ ਪਿਛਲੇ ਸਾਲ ਤਿੰਨ ਵੱਖ-ਵੱਖ ਮਾਮਲਿਆਂ ਵਿਚ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਹਾਲ ਦੇ ਮਹੀਨਿਆਂ ਵਿਚ ਇਜ਼ਰਾਇਲ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਹਰ ਵੀਕਐਂਡ ’ਤੇ ਪ੍ਰਦਰਸ਼ਨ ਕਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਆਲੋਚਕਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਕੋਰੋਨਾ ਵਾਇਰਸ ਸੰਕਟ ਨਾਲ ਵੀ ਸਹੀ ਤਰੀਕੇ ਨਾਲ ਨਹੀਂ ਨਜਿੱਠ ਸਕੇ। ਨੇਤਨਯਾਹੂ ਦੀ ਪੇਸ਼ੀ ਦੌਰਾਨ ਵੀ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਅਮੀਰ ਮਿੱਤਰਾਂ ਤੋਂ ਮਹਿੰਗੇ ਤੋਹਫ਼ੇ ਸਵਿਕਾਰ ਕੀਤੇ ਅਤੇ ਆਪਣੇ ਅਤੇ ਆਪਣੇ ਪਰਿਵਾਰ ਦੇ ਪੱਖ ਵਿਚ ਖ਼ਬਰਾਂ ਦਿਖਾਉਣ ਦੇ ਬਦਲੇ ਵਿਚ ਮੀਡੀਆ ਖੇਤਰ ਦੇ ਦਿੱਗਜਾਂ ਨੂੰ ਲਾਭ ਪਹੁੰਚਾਉਣ ਦੇ ਪ੍ਰਸਤਾਵ ਦਿੱਤੇ।
ਇਜ਼ਰਾਇਲ ’ਤੇ ਸਭ ਤੋਂ ਲੰਬੇ ਸਮੇਂ ਤਕ ਰਾਜ ਕਰਨ ਵਾਲੇ ਨੇਤਨਯਾਹੂ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ, ਜਿਨ੍ਹਾਂ ’ਤੇ ਅਹੁਦੇ ’ਤੇ ਰਹਿਣ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮਾਮਲਾ ਚੱਲਿਆ। ਨੇਤਨਯਾਹੂ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਨਾਲ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ ਮਾਮਲਾ ਪਿਛਲੇ ਸਾਲ ਮਈ ਵਿਚ ਸ਼ੁਰੂ ਹੋਇਆ ਸੀ।