ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਅਤੇ ਵਿਰਾਟ ਕੋਹਲੀ ਸਮੇਤ ਹੋਰ ਸਿਤਾਰਿਆਂ ਵੱਲੋਂ ਕੀਤੇ ਗਏ ਟਵੀਟ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਵਾਜ਼ ਚੁੱਕਣ ਦੇ ਬਾਅਦ ਕਈ ਭਾਰਤੀ ਹਸਤੀਆਂ ਨੇ ਜਵਾਬ ਵਿਚ ਟਵੀਟ ਕੀਤਾ ਸੀ।
ਮਹਾਰਾਸ਼ਟਰ ਕਾਂਗਰਸ ਨੇ ਲਗਾਏ ਸਨ ਇਹ ਦੋਸ਼
ਮਹਾਰਾਸ਼ਟਰ ਸਰਕਾਰ ਨੇ ਇਹ ਕਾਰਵਾਈ ਕਾਂਗਰਸ ਦੀ ਸ਼ਿਕਾਇਤ ਦੇ ਬਾਅਦ ਸ਼ੁਰੂ ਕੀਤੀ ਹੈ। ਕਾਂਗਰਸ ਪ੍ਰਤੀਨਿਧੀ ਮੰਡਲ ਨੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਆਨਲਾਈਨ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਹ ਮੰਗ ਕੀਤੀ ਸੀ ਕਿ ਰਿਹਾਨਾ ਦੇ ਟਵੀਟ ਦੇ ਬਾਅਦ ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ, ਵਿਰਾਟ ਕੋਹਲੀ ਅਤੇ ਅਕਸ਼ੈ ਕੁਮਾਰ ਸਮੇਤ ਕਈ ਭਾਰਤੀ ਸਿਤਾਰਿਆਂ ਨੇ ਟਵੀਟ ਕੀਤੇ, ਜਿਸ ਵਿਚ ਕਈ ਸ਼ਬਦ ਕਾਮਨ ਸਨ। ਕਾਂਗਰਸ ਦਾ ਕਹਿਣਾ ਸੀ ਕਿ ਇਨ੍ਹਾਂ ਸਾਰੇ ਸਿਤਾਰਿਆਂ ਨੇ ਦਬਾਅ ਵਿਚ ਆ ਕੇ ਟਵੀਟ ਕੀਤੇ ਸਨ। ਇਸ ਲਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਮੁਤਾਬਕ ਭਾਜਪਾ ਵੱਲੋਂ ਇਨ੍ਹਾਂ ਹਸਤੀਆਂ ਨੂੰ ਇਕ ਸਕਰਿਪਟ ਦਿੱਤੀ ਗਈ। ਸਾਵੰਤ ਨੇ ਕਿਹਾ, ‘ਅਕਸ਼ੈ ਕੁਮਾਰ ਅਤੇ ਸਾਈਨਾ ਨੇਹਵਾਨ ਨੇ ਇਕੋ ਵਰਗੇ ਟਵੀਟ ਕੀਤੇ। ਸਾਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਭਾਜਪਾ ਹੈ। ਸੁਨੀਲ ਸ਼ੈਟੀ ਨੇ ਇਕ ਭਾਜਪਾ ਨੇਤਾ ਨੂੰ ਟੈਗ ਵੀ ਕੀਤਾ ਹੈ ਜੋ ਭਾਜਪਾ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦਾ ਹੈ। ਪਾਰਟੀ (ਭਾਜਪਾ) ਦੀ ਬੀ.ਸੀ.ਸੀ.ਆਈ. ਵਿਚ ਵੀ ਭੂਮਿਕਾ ਹੈ ਅਤੇ ਇਸ ਲਈ ਸ਼ਾਇਦ ਕੁੱਝ ਕ੍ਰਿਕਟਰਾਂ ਨੇ ਵੀ ਇਕ ਹੀ ਦਿਸ਼ਾ ਵਿਚ ਟਵੀਟ ਕੀਤੇ।’ ਕਾਂਗਰਸ ਨੇਤਾ ਨੇ ਇਹ ਵੀ ਕਿਹਾ, ‘ਜੇਕਰ ਇਹ ਹਸਤੀਆਂ ਦਬਾਅ ਵਿਚ ਹਨ ਤਾਂ ਉਨ੍ਹਾਂ ਨੂੰ ਸੂਬੇ ਵੱਲੋਂ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।’
ਇਸ ਤੋਂ ਬਾਅਦ ਮਹਾਰਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮਹਾਰਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਜਾਂਚ ਦੇ ਹੁਕਮ ਦਿੰਦੇ ਹੋਏ ਕਿਹਾ, ‘ਇਨ੍ਹਾਂ ਸਿਤਾਰਿਆਂ ਦੇ ਟਵੀਟ ਵਿਚ ਕੁੱਝ ਗਲਤ ਨਹੀਂ ਹੈ ਪਰ ਇਨ੍ਹਾਂ ਦੀ ਟਾਈਮਿੰਗ ਗਲਤ ਹੈ।’ ਉਨ੍ਹਾ ਕਿਹਾ, ‘ਸਟੇਟ ਇੰਟੈਲੀਜੈਂਸ ਇਸ ਗੱਲ ਦੀ ਜਾਂਚ ਕਰੇਗੀ ਕਿ ਇਨ੍ਹਾਂ ਹਸਤੀਆਂ ਨੇ ਦਬਾਅ ਵਿਚ ਤਾਂ ਟਵੀਟ ਨਹੀਂ ਕੀਤਾ।’