ਤਾਬੁਰ, (ਏਜੰਸੀ) : ਕਹਿੰਦੇ ਹਨ ਕਿ ਜੇ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਸੱਭ ਕੁੱਝ ਸੰਭਵ ਹੋ ਜਾਂਦਾ ਹੈ। ਅਜਿਹਾ ਹੀ ਪਾਕਿਸਤਾਨ ਵਿਚ ਪੋਪਕੋਰਨ ਵੇਚਣ ਵਾਲੇ ਇਕ ਵਿਅਕਤੀ ਨੇ ਕਰ ਕੇ ਵਿਖਾਇਆ ਹੈ। ਇਸ ਵਿਅਕਤੀ ਨੇ ਰੋਡਕਟਨ ਦੇ ਇੰਜਨ ਅਤੇ ਰਿਕਸ਼ੇ ਦਾ ਟਾਇਰਾਂ ਨਾਲ ਅਪਣਾ ਖ਼ੁਦ ਦਾ ਇਕ ਜਹਾਜ਼ ਬਣਾਇਆ ਹੈ ਜਿਸ ਨੇ ਉਸ ਨੂੰ ਅਪਣੇ ਦੇਸ਼ ਵਿਚ ਹੀਰੋ ਬਣਾ ਦਿਤਾ ਹੈ।
ਅਪਣਾ ਜਹਾਜ਼ ਬਣਾਉਣ ਵਾਲੇ ਮੁਹੰਮਦ ਫ਼ਿਆਜ਼ ਦੀ ਕਹਾਣੀ ਨੇ ਦੇਸ਼ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੀਵੀ ਕਲਿਪ ਅਤੇ ਆਨਲਾਈਨ ਬਲੂਪ੍ਰਿੰਟ ਵੇਖ ਕੇ ਜਹਾਜ਼ ਬਣਾਉਣਾ ਸਿਖਿਆ। ਸਾਲ 2012 ਵਿਚ ਇਕ ਇੰਜੀਨੀਅਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਕ ਅਜਿਹੀ ਕਾਰ ਬਣਾਈ ਹੈ ਜੋ ਪਾਣੀ ਵਿਚ ਵੀ ਚੱਲ ਸਕਤੀ ਹੈ ਹਾਲਾਂਕਿ ਬਾਅਦ ਵਿਚ ਵਿਗਿਆਨੀਆਂ ਨੇ ਉਸ ਦੀ ਕਹਾਣੀ ਦਾ ਪਰਦਾਫਾਸ਼ ਕਰ ਦਿਤਾ ਸੀ ਪਰ ਫ਼ਿਆਜ਼ ਨੇ ਕਿਹਾ ਕਿ ਉਸ ਨੇ ਅਪਣੇ ਜਹਾਜ਼ ਨਾਲ ਉਡਾਣ ਭਰੀ ਅਤੇ ਦੇਸ਼ ਦੀ ਹਵਾਈ ਫ਼ੌਜ ਨੇ ਵੀ ਉਸ ਦੇ ਦਾਅਵੇ ਨੂੰ ਗੰਭੀਰਤਾ ਨਾਲ ਲਿਆ ਹੈ। ਹਵਾਈ ਫ਼ੌਜ ਦੇ ਪ੍ਰਤੀਨਿਧੀ ਕਈ ਵਾਰ ਉਸ ਨੂੰ ਮਿਲਣ ਲਈ ਆ ਚੁੱਕੇ ਹਨ ਅਤੇ ਉਸ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਉਸ ਨੂੰ ਇਕ ਸਰਟੀਫ਼ਿਕੇਟ ਵੀ ਦਿਤਾ ਹੈ।
ਮੱਧ ਪੰਜਾਬ ਸੂਬੇ ਦਾ ਤਾਬੁਰ ਪਿੰਡ ਵਿਚ ਉਸ ਦੇ ਘਰ ਦੇ ਵਿਹੜੇ ਵਿਚ ਖੜੇ ਜਹਾਜ਼ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। 32 ਸਾਲ ਦੇ ਫ਼ਿਆਜ਼ ਨੇ ਕਿਹਾ ਕਿ ਉਸ ਦਾ ਸੁਪਨਾ ਸੀ ਕਿ ਉਹ ਹਵਾਈ ਫ਼ੌਜ ਵਿਚ ਜਾਵੇ ਪਰ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਸਕੂਲ ਦੀ ਪੜ੍ਹਾਈ ਛਡਣੀ ਪਈ ਅਤੇ ਅਪਣੀ ਮਾਂ ਅਤੇ ਪੰਜ ਭੈਣਾਂ ਦਾ ਪੇਟ ਭਰਨ ਲਈ ਕੰਮ ਕਰਨਾ ਪਿਆ। ਉਸ ਨੇ ਕਿਹਾ ਕਿ ਉਸ ਨੇ ਜਹਾਜ਼ ਬਣਾਉਣ ਲਈ ਦਿਨ ਪੋਪਕੋਰਨ ਵੇਚੇ ਅਤੇ ਰਾਤ ਦੇ ਸਮੇਂ ਸੁਰੱਖਿਆ ਗਾਰਡ ਦੀ ਨੌਕਰੀ ਕਰ ਕੇ ਪੈਸੇ ਇਕੱਠੇ ਕੀਤੇ। ਉਸ ਨੇ ਨੈਸ਼ਲਨ ਜਿਓਗ੍ਰਾਫ਼ਿਕ ਚੈਨਲ ਦੇ ਏਅਰ ਕ੍ਰੈਸ਼ ਇਨਵੈਸਟੀਗੇਸ਼ਨ ਦੇ ਨਾਟਕ ਵੇਖ ਕੇ ਜਹਾਜ਼ ਬਣਾਉਣ ਦੀ ਜਾਣਕਾਰੀ ਹਾਸਲ ਕੀਤੀ। ਉਸ ਨੇ 23 ਮਾਰਚ ਨੂੰ ਅਪਣਾ ਜਹਾਜ਼ ਉਡਾਉਣ ਦਾ ਫ਼ੈਸਲਾ ਕੀਤਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਆ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਤੇ ਉਸ ਦਾ ਜਹਾਜ਼ ਜ਼ਬਤ ਕਰ ਲਿਆ ਗਿਆ ਪਰ ਬਾਅਦ ਵਿਚ ਅਦਾਲਤ ਨੇ ਉਸ ਨੂੰ ਤਿੰਨ ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਰਿਹਾਅ ਕਰ ਦਿਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫ਼ਿਆਜ਼ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਸ ਦਾ ਜਹਾਜ਼ ਸੁਰੱਖਿਆ ਦੇ ਲਿਹਾਜ ਨਾਲ ਖ਼ਤਰਾ ਸੀ।