Friday, November 22, 2024
 

ਰਾਸ਼ਟਰੀ

ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਦੀ ਦਿੱਲੀ ਪੁਲਿਸ ਨੂੰ ਭਾਲ, ਜਾਣੋ ਕੀ ਹੈ ਇਹ ਟੂਲਕਿੱਟ

February 06, 2021 08:34 PM

ਨਵੀਂ ਦਿੱਲੀ : ਕਿਸਾਨਾਂ ਦੇ ਸੰਘਰਸ਼ ਨਾਲ ਕਈ ਸ਼ਖ਼ਸੀਅਤਾਂ ਜੁੜ ਚੁੱਕੀਆਂ ਹਨ ਅਤੇ ਪੁਲਿਸ ਨੂੰ ਵੀ ਕਈ ਤਰ੍ਹਾਂ ਦੇ ਸ਼ੱਕ-ਛੁਬੇ ਹਨ। ਇਸੇ ਲੜੀ ਵਿਚ ਇਕ ਟੂਲਕਿੱਟ ਸੋਸ਼ਲ ਮੀਡੀਆ ਰਾਹੀਂ ਫੈਲ ਰਹੀ ਹੈ। ਇਹ ਟੂਲਕਿੱਟ ਉਹੀ ਹੈ ਜਿਸ ਨੂੰ ਸਵੀਡਨ ਦੀ ਮੰਨੀ-ਪ੍ਰਮੰਨੀ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਟਵਿੱਟਰ ’ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ‘ਜੇ ਤੁਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਟੂਲਕਿੱਟ ਦੀ ਮਦਦ ਲੈ ਸਕਦੇ ਹੋ’। ਜਦਕਿ ਦਿੱਲੀ ਪੁਲਿਸ ਨੇ ਇਸ ਨੂੰ ਲੋਕਾਂ ਵਿੱਚ ਵਿਦਰੋਹ ਪੈਦਾ ਕਰਨ ਵਾਲਾ ਦਸਤਾਵੇਜ਼ ਦੱਸਿਆ ਹੈ ਅਤੇ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਟੂਲਕਿੱਟ ਦੇ ਲੇਖਕਾਂ ਨੂੰ ਤਲਾਸ਼ ਰਹੀ ਹੈ। ਪੁਲਿਸ ਨੇ ਇਸ ਦੇ ਲੇਖਕਾਂ ਉੱਪਰ ਆਈਪੀਸੀ ਦੀ ਧਾਰਾ 124-ਏ, 153ਏ, 153, 120ਬੀ ਤਹਿਤ ਕੇਸ ਦਰਜ ਕੀਤਾ ਹੈ।
ਟੂਲਕਿੱਟ ਆਖ਼ਰ ਹੁੰਦੀ ਕੀ ਹੈ?
ਮੌਜੂਦਾ ਸਮੇਂ ਵਿੱਚ ਦੁਨੀਆਂ ਦੇ ਵੱਖੋ-ਵੱਖ ਹਿੱਸਿਆਂ ਵਿੱਚ ਜੋ ਵੀ ਅੰਦੋਲਨ ਹੁੰਦੇ ਹਨ, ਭਾਵੇਂ ਉਹ ਬਲੈਕ ਲਾਈਵਸ ਮੈਟਰ ਹੋਵੇ, ਅਮਰੀਕਾ ਦਾ ‘ਐਂਟੀ ਲੌਕਡਾਊਨ ਪ੍ਰੋਟੈਸਟ’ ਹੋਵੇ ਜਾਂ ਵਾਤਾਵਰਨ ਸਬੰਧੀ ਤਬਦੀਲੀ ਨਾਲ ਜੁੜਿਆ ਕਲਾਈਮੇਟ ਸਟਰਾਈਕ ਕੈਂਪੇਨ ਹੋਵੇ ਜਾਂ ਕੋਈ ਹੋਰ ਦੂਜਾ ਅੰਦੋਲਨ। ਇਨ੍ਹਾਂ ਸਾਰੀਆਂ ਥਾਵਾਂ ਉੱਪਰ ਅੰਦੋਲਨ ਨਾਲ ਜੁੜੇ ਲੋਕ ਕੁਝ ‘ਐਕਸ਼ਨ ਪੁਆਇੰਟ’ ਬਣਾਉਂਦੇ ਹਨ। ਮਤਲਬ ਕੁਝ ਅਜਿਹੀਆਂ ਗੱਲਾਂ ਦੀ ਵਿਉਂਤ ਕਰਦੇ ਹਨ ਜੋ ਅੰਦੋਲਨ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾ ਸਕਦੀਆਂ ਹਨ।ਜਿਸ ਦਸਤਾਵੇਜ਼ ਵਿੱਚ ਇਨ੍ਹਾਂ ਐਕਸ਼ਨ ਪੁਆਇੰਟਾਂ ਨੂੰ ਦਰਜ ਕੀਤਾ ਜਾਂਦਾ ਹੈ, ਉਸ ਨੂੰ ਟੂਲਕਿੱਟ ਕਹਿੰਦੇ ਹਨ।
ਇਸ ਸ਼ਬਦ ਦੀ ਵਰਤੋਂ ਸੋਸ਼ਲ ਮੀਡੀਆ ਦੇ ਪ੍ਰਸੰਗ ਵਿੱਚ ਵਧੇਰੇ ਹੁੰਦੀ ਹੈ। ਇਸ ਵਿੱਚ ਸੋਸ਼ਲ ਮੀਡੀਆ ਤੋਂ ਇਲਾਵਾ ਜ਼ਮੀਨੀ ਪੱਧਰ ’ਤੇ ਸਮੂਹਿਕ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।
   ਟੂਲਕਿੱਟ ਅਕਸਰ ਉਨ੍ਹਾਂ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਮੌਜੂਦਗੀ ਅੰਦੋਲਨ ਦਾ ਅਸਰ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਅਜਿਹੇ ਵਿੱਚ ਜੇ ਟੂਲਕਿੱਟ ਨੂੰ ਕਿਸੇ ਅੰਦੋਲਨ ਦਾ ਅਹਿਮ ਹਿੱਸਾ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਟੂਲਕਿੱਟ ਨੂੰ ਤੁਸੀਂ ਕੰਧਾਂ ਉੱਪਰ ਲਾਏ ਜਾਣ ਵਾਲੇ ਉਨ੍ਹਾਂ ਪੋਸਟਰਾਂ ਦਾ ਸੁਧਰਿਆ ਤੇ ਆਧੁਨਿਕ ਰੂਪ ਕਹਿ ਸਕਦੇ ਹੋ, ਜਿਨ੍ਹਾਂ ਦੀ ਵਰਤੋਂ ਕਈ ਸਾਲਾਂ ਤੋਂ ਅੰਦੋਲਨ ਕਰਨ ਵਾਲੇ ਲੋਕ ਜਾਂ ਸੱਦਾ ਦੇਣ ਲਈ ਕਰਦੇ ਆ ਰਹੇ ਹਨ।
   ਸੋਸ਼ਲ ਮੀਡੀਆ ਅਤੇ ਮਾਰਕਟਿੰਗ ਦੇ ਮਾਹਰਾਂ ਦੇ ਮੁਤਾਬਕ, ਇਸ ਦਸਤਾਵੇਜ਼ ਦਾ ਮੁੱਖ ਮਕਸਦ ਲੋਕਾਂ (ਅੰਦੋਲਨ ਦੇ ਹਮਾਇਤੀਆਂ) ਵਿੱਚ ਤਾਲਮੇਲ ਕਾਇਮ ਕਰਨਾ ਹੁੰਦਾ ਹੈ। ਟੂਲਕਿੱਟ ਵਿੱਚ ਆਮ ਤੌਰ ’ਤੇ ਇਹ ਦੱਸਿਆ ਜਾਂਦਾ ਹੈ ਕਿ ਲੋਕ ਕੀ ਲਿਖ ਸਕਦੇ ਹਨ, ਕਿਹੜੇ ਹੈਸ਼ਟੈਗ ਵਰਤ ਸਕਦੇ ਹਨ। ਕਿਸ-ਕਿਸ ਸਮੇਂ ਟਵੀਟ ਕਰਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਮਿਲੇਗਾ, ਕਿਨ੍ਹਾਂ ਲੋਕਾਂ ਨੂੰ ਟਵੀਟ ਜਾਂ ਫੇਸਬੁੱਕ ਪੋਸਟਾਂ ਵਿੱਚ ਸ਼ਾਮਲ ਕਰਨ (ਮੈਨਸ਼ਨ) ਨਾਲ ਫ਼ਾਇਦਾ ਮਿਲੇਗਾ। ਜਾਣਕਾਰਾਂ ਮੁਤਾਬਕ ਇਸ ਦਾ ਅਸਰ ਇਹ ਹੁੰਦਾ ਹੈ ਕਿ ਇੱਕ ਹੀ ਸਮੇਂ ਲੋਕਾਂ ਦੇ ਐਕਸ਼ਨ ਨਾਲ ਕਿਸੇ ਅੰਦੋਲਨ ਦੀ ਮੌਜੂਦਗੀ ਦਰਜ ਹੁੰਦੀ ਹੈ। ਇਸ ਨਾਲ ਅੰਦੋਲਨ ਸੋਸ਼ਲ ਮੀਡੀਆ ਦੇ ਟਰੈਂਡਸ ਵਿੱਚ ਆਉਂਦਾ ਹੈ ਤੇ ਫਿਰ ਲੋਕਾਂ ਦਾ ਧਿਆਨ ਇਸ ਵੱਲ ਜਾਂਦਾ ਹੈ।
   ਸਿਰਫ਼ ਅੰਦੋਲਨਕਾਰੀ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ, ਵੱਡੀਆਂ ਕੰਪਨੀਆਂ ਅਤੇ ਹੋਰ ਸਮਾਜਿਕ ਸਮੂਹ ਵੀ ਕਈ ਮੌਕਿਆਂ ਉੱਪਰ ਅਜਿਹੀਆਂ ਟੂਲਕਿੱਟਾਂ ਦੀ ਵਰਤੋਂ ਕਰਦੇ ਹਨ।
   ਹਾਲਾਂਕਿ ਪੁਲਿਸ ਦੀ ਐੱਫ਼ਆਈਆਰ ਵਿੱਚ ਕਿਸੇ ਦਾ ਨਾਮ ਸ਼ਾਮਲ ਨਹੀਂ ਹੈ। ਖ਼ਬਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੁਲਿਸ ਗੂਗਲ ਨੂੰ ਇੱਕ ਚਿੱਠੀ ਲਿਖਣ ਵਾਲੀ ਹੈ ਤਾਂ ਜੋ ਟੂਲਕਿੱਟ ਨੂੰ ਬਣਾ ਕੇ ਸੋਸ਼ਲ ਮੀਡੀਆ ਉੱਪਰ ਅਪਲੋਡ ਕਰਨ ਵਾਲਿਆਂ ਦਾ ਆਈਪੀ ਐਡਰੈੱਸ ਪਤਾ ਕੀਤਾ ਜਾ ਸਕੇ।
   ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਪ੍ਰਵੀਨ ਰੰਜਨ ਦਾ ਕਹਿਣਾ ਹੈ, ਕਿ ਹਾਲ ਦੇ ਦਿਨਾਂ ਵਿੱਚ ਲਗਭਗ 300 ਸੋਸ਼ਲ ਮੀਡੀਆ ਹੈਂਡਲ ਮਿਲੇ ਹਨ, ਜਿਨ੍ਹਾਂ ਦੀ ਵਰਤੋਂ ਨਫ਼ਰਤੀ ਅਤੇ ਨਿੰਦਣਯੋਗ ਸਮੱਗਰੀ ਫੈਲਾਉਣ ਲਈ ਕੀਤੀ ਜਾ ਰਹੀ ਹੈ।
  ਕੁੱਝ ਵੈਸਟਰਨ ਇੰਟਰੈਸਟ ਆਗਰੇਨਾਈਜ਼ੇਸ਼ਨਾਂ ਵੱਲੋਂ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿਸਾਨ ਅੰਦੋਲਨ ਦੇ ਨਾਂਅ ਹੇਠ ਭਾਰਤ ਸਰਕਾਰ ਦੇ ਖ਼ਿਲਾਫ਼ ਗ਼ਲਤ ਪ੍ਰਚਾਰ ਕਰ ਰਹੇ ਹਨ।” ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਨੂੰ ’ਵਿਦੇਸ਼ੀ ਸਾਜਿਸ਼’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਹੈ ਤੇ ਇਸ ਤੋਂ ਸਾਫ਼ ਹੁੰਦਾ ਹੈ ਕਿ ਕੁਝ ਵਿਦੇਸ਼ੀ ਤਾਕਤਾਂ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਉਨ੍ਹਾਂ ਕਾਨਫ਼ਰੰਸ ਵਿੱਚ ਕਿਹਾ ਸੀ ਕਿ ਇਹ ਟੂਲਕਿੱਟ ਖ਼ਾਲਿਸਤਾਨ ਪੱਖੀ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਬਣਾਈ ਹੈ। ਇਸ ਨੂੰ ਪਹਿਲਾਂ ਅਪਲੋਡ ਕੀਤਾ ਗਿਆ ਤੇ ਫਿਰ ਕੁਝ ਦਿਨਾਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ।”
  ਕੁੱਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਫਾਊਂਡੇਸ਼ਨ ਦੇ ਮੋਢੀ ਧਾਲੀਵਾਲ ਖ਼ੁਦ ਨੂੰ ਖ਼ਾਲਿਸਤਾਨ ਹਮਾਇਤੀ ਦਸਦੇ ਹਨ ਤੇ ਕੈਨੇਡਾ ਦੇ ਵੈਂਕੂਵਰ ਵਿੱਚ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਸ਼ੁਰੂ ਤੋਂ ਕਹਿ ਰਹੀ ਹੈ ਕਿ ਕਿਸਾਨ ਅੰਦੋਲਨ ਇੱਕ ਵਿਧੀਬੱਧ ਪ੍ਰੋਗਰਾਮ ਹੈ ਜਿਸ ਪਿੱਛੇ ਖ਼ਾਲਿਸਤਾਨ ਪੱਖੀਆਂ ਦਾ ਹਿੱਸਾ ਹੈ।
   ਤਿੰਨ ਫ਼ਰਵਰੀ ਨੂੰ ਗਰੇਟਾ ਥਨਬਰਗ ਨੇ ਕਿਸਾਨਾਂ ਦੀ ਹਮਾਇਤ ਵਿੱਚ ਇੱਕ ਟਵੀਟ ਕੀਤਾ ਸੀ ਇਸੇ ਦਿਨ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਇੱਕ ਟੂਲਕਿੱਟ ਸਾਂਝੀ ਕੀਤੀ ਅਤੇ ਲਿਖਿਆ ਕਿ ਜੋ ਲੋਕ ਕਿਸਾਨਾਂ ਦੀ ਮਦਦ ਕਰਨੀ ਚਾਹੁੰਦੇ ਹਨ ਉਹ ਇਸ ਦਸਤਾਵੇਜ਼ ਦੀ ਮਦਦ ਲੈ ਸਕਦੇ ਹਨ। ਚਾਰ ਫ਼ਰਵਰੀ ਨੂੰ ਗਰੇਟਾ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਅਤੇ ਇੱਕ ਹੋਰ ਟੂਲ ਕਿੱਟ ਸਾਂਝੀ ਕੀਤੀ।
   ਉਨ੍ਹਾਂ ਨੇ ਲਿਖਿਆ ਕਿ ਇਹ ਨਵੀਂ ਟੂਲਕਿੱਟ ਹੈ ਜਿਨ੍ਹਾਂ ਲੋਕਾਂ ਨੇ ਬਣਾਇਆ ਹੈ ਉਹ ਭਾਰਤ ਵਿੱਚ ਜ਼ਮੀਨ ’ਤੇ ਕੰਮ ਕਰ ਰਹੇ ਹਨ। ਇਸ ਰਾਹੀਂ ਜੇ ਤੁਸੀਂ ਚਾਹੋ ਤਾਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ।
   ਤਿੰਨ ਪੰਨਿਆਂ ਦੀ ਇਸ ਟੂਲਕਿੱਟ ਵਿੱਚ ਸਭ ਤੋਂ ਉੱਪਰ ਇੱਕ ਸੰਖੇਪ ਨੋਟ ਲਿਖਿਆ ਹੋਇਆ ਹੈ। ਜਿਸ ਦੇ ਮੁਤਾਬਕ, ‘ਇਹ ਇੱਕ ਦਸਤਾਵੇਜ਼ ਹੈ ਜੋ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਗੈਰ-ਜਾਣੂ ਲੋਕਾਂ ਨੂੰ ਖੇਤੀ ਖੇਤਰ ਦੀ ਵਰਮਾਨ ਸਥਿਤੀ ਅਤੇ ਕਿਸਾਨਾਂ ਦੇ ਮੌਜੂਦਾ ਧਰਨਿਆਂ ਬਾਰੇ ਜਾਣਕਾਰੀ ਦਿੰਦਾ ਹੈ।’
   ਨੋਟ ਵਿੱਚ ਲਿਖਿਆ ਗਿਆ ਹੈ, ‘ਇਸ ਟੂਲਕਿੱਟ ਦਾ ਮਕਸਦ ਲੋਕਾਂ ਨੂੰ ਇਹ ਦੱਸਣਾ ਹੈ ਕਿ ਉਹ ਕਿਵੇਂ ਆਪਣੇ ਵਿਵੇਕ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਦੀ ਹਮਾਇਤ ਕਰ ਸਕਦੇ ਹਨ।’ ਇਸ ਨੋਟ ਤੋਂ ਬਾਅਦ ਟੂਲਕਿੱਟ ਵਿੱਚ ਭਾਰਤੀ ਖੇਤੀ ਖੇਤਰ ਦੀ ਮੌਜੂਦਾ ਸਥਿਤੀ ਉੱਪਰ ਗੱਲ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਭਾਰਤ ਵਿੱਚ ਛੋਟੇ ਅਤੇ ਮੱਧਮ ਕਿਸਾਨਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਸਥਿਤੀ ਖ਼ਰਾਬ ਹੈ।

 

Have something to say? Post your comment

 
 
 
 
 
Subscribe