ਨਵੀਂ ਦਿੱਲੀ : ਭਾਰਤੀ ਰੇਲਵੇ ਦੀ ਇਕਾਈ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (ਆਈਆਰਸੀਟੀਸੀ) ਦੀ ਵੈਬਸਾਈਟ ਦੇ ਜ਼ਰੀਏ ਆਨਨਲਾਈਨ ਹੁਣ ਬੱਸ ਟਿਕਟਾਂ ਵੀ ਬੁੱਕ ਕਰਵਾਈਆਂ ਜਾ ਸਕਣਗੀਆਂ। ਪਹਿਲਾਂ ਰੇਲਵੇ ਅਤੇ ਹਵਾਈ ਜਹਾਜ਼ ਦੀ ਯਾਤਰਾ ਦੀਆਂ ਟਿਕਟਾਂ ਨੂੰ ਹੀ ਬੁੱਕ ਕਰਨ ਦਾ ਪ੍ਰਬੰਧ ਸੀ।
ਰੇਲਵੇ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਹੁਣ ਲੋਕ ਬੱਸਾਂ ਦੀ ਟਿਕਟ ਆਈਆਰਸੀਟੀਸੀ ਰਾਹੀਂ ਬੁੱਕ ਕਰ ਸਕਣਗੇ। ਆਈਆਰਸੀਟੀਸੀ ਨੇ ਯਾਤਰੀਆਂ ਨੂੰ ਸਮੁੱਚੀ ਯਾਤਰਾ ਦਾ ਤਜ਼ੁਰਬਾ ਪ੍ਰਦਾਨ ਕਰਦਿਆਂ 22 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਨਲਾਈਨ ਬੱਸ ਬੁਕਿੰਗ ਸੇਵਾਵਾਂ ਸ਼ੁਰੂ ਕੀਤੀਆਂ ਹਨ। ਯਾਤਰੀ ਹੁਣ ਆਪਣੀ ਸਹੂਲਤ ਦੇ ਆਧਾਰ 'ਤੇ ਸੀਟਾਂ ਬੁੱਕ ਕਰ ਸਕਦੇ ਹਨ।
ਆਈਆਰਸੀਟੀਸੀ ਦੀ ਆਨਲਾਈਨ ਬੱਸ ਬੁਕਿੰਗ ਸੇਵਾ ਦਾ ਲਾਭ https://www.bus.irctc.co.in/home ਵੈੱਬਸਾਈਟ 'ਤੇ ਜਾ ਕੇ ਲਿਆ ਜਾ ਸਕਦਾ ਹੈ। ਕੰਪਨੀ ਦੇ ਮੋਬਾਈਲ ਐਪ 'ਤੇ ਇਹ ਸੇਵਾ ਮਾਰਚ ਦੇ ਪਹਿਲੇ ਹਫ਼ਤੇ 'ਚ ਉਪਲਬੱਧ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਲੋਕ ਮੋਬਾਈਲ ਐਪ ਰਾਹੀਂ ਵੀ ਬੱਸ ਟਿਕਟ ਬੁੱਕ ਕਰਵਾ ਸਕਣਗੇ।
ਕੰਪਨੀ ਦੇ ਬਿਆਨ ਮੁਤਾਬਿਕ, ਆਈਆਰਸੀਟੀਸੀ ਨੇ ਗਾਹਕਾਂ ਨੂੰ ਆਨਲਾਈਨ ਬੱਸ ਬੁਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ 22 ਸੂਬਿਆਂ ਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦਿਆਂ 50, 000 ਤੋਂ ਜ਼ਿਆਦਾ ਸੂਬਾ ਸੜਕ ਪਰਿਵਹਨ ਨਾਲ-ਨਾਲ ਨਿੱਜੀ ਬੱਸ ਆਪਰੇਟਰਾਂ ਨਾਲ ਕਰਾਰ ਕੀਤਾ ਹੈ।