ਚੰਡੀਗੜ੍ਹ : ਭਾਵੇਂ ਕਿਸਾਨ ਅੰਦੋਲਨ ਕਰਨ ਪੰਜਾਬ ਵਿਚ ਵਪਾਰਿਕ ਘਾਟੇ ਦੀਆਂ ਗੱਲਾਂ ਹੋ ਰਹੀਆਂ ਹਨ , ਪਰ ਸੂਬੇ ਵਿਚ ਹਜ਼ਾਰਾਂ ਬੇਰੋਜ਼ਗਾਰ ਲੋਕ ਅਜਿਹੇ ਵੀ ਹਨ ਜਿੰਨ੍ਹਾ ਨੇ ਅੰਦੋਲਨ ਤੋਂ ਹੀ ਰੋਜ਼ਗਾਰ ਦੇ ਸਾਧਨ ਲੱਭ ਲਏ ਹਨ। ਪੰਜਾਬ ਵਿਚ ਇੰਨ੍ਹਾ ਦਿਨਾਂ ਵਿਚ ਸੜਕਾਂ ਦੇ ਕਿਨਾਰੇ ਵੱਡੀ ਗਿਣਤੀ ਵਿਚ ਅਜਿਹੇ ਪਰਵਾਸੀ ਲੋਕ ਨਜ਼ਰ ਆ ਜਾਣਗੇ, ਜਿੰਨ੍ਹਾ ਦੀ ਰੋਜ਼ੀ ਰੋਟੀ ਅਤੇ ਆਮਦਨ ਦਾ ਸਹਾਰਾ ਹੁਣ ਕਿਸਾਨ ਅੰਦੋਲਨ ਦੇ ਝੰਡੇ ਬਣ ਗਏ ਹਨ। ਇਹ ਉਹ ਪਰਵਾਸੀ ਮਜ਼ਦੂਰ ਲੋਕ ਹਨ ਜੋ ਰਾਜਸਥਾਨ, ਬਿਹਾਰ, ਉਤਰ ਪ੍ਰਦੇਸ਼ ਤੋਂ ਰੋਜ਼ਗਾਰ ਦੀ ਭਾਲ ਵਿਚ ਆਉਂਦੇ ਹਨ।
ਜੈਪੁਰ ਤੋਂ ਆਈ ਗੀਤਾ ਨੂੰ ਕਿਸਾਨ ਅੰਦੋਲਨ ਦੇ ਝੰਡਿਆਂ 'ਤੇ ਲਿਖੇ ਸ਼ਬਦਾਂ ਦੇ ਅਰਥ ਭਾਵੇਂ ਨਾ ਪਤਾ ਹੋਣ , ਪਰ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦੀ ਹੈ। ਉਹ ਜਾਣਦੀ ਹੈ ਕਿ ਇਨ੍ਹਾਂ ਝੰਡਿਆਂ ਵਿਚ ਪੰਜਾਬ ਦੇ ਕਿਸਾਨਾਂ ਦੀਆਂ ਭਾਵਨਾਂਵਾਂ ਉਕਰੀਆਂ ਹਨ। ਇਕ ਝੰਡੇ 'ਚੋਂ ਉਸਨੂੰ ਪੰਜ ਤੋਂ ਦੱਸ ਰੁਪਏ ਬਚ ਜਾਂਦੇ ਹਨ। ਪਰ ਲੋਕਾਂ ਦੀਆਂ ਭਾਵਨਾਂਵਾਂ ਨੂੰ ਦੇਖਦੇ ਉਹ ਆਪਣਾ ਮੁਨਾਫ਼ਾ ਵੀ ਛੱਡ ਦਿੰਦੀ ਹੈ ਅਤੇ ਲੋਕਾਂ ਦੇ ਵਾਹਨਾਂ 'ਤੇ ਖੁਦ ਝੰਡੇ ਲੈ ਕੇ ਦਿੰਦੀ ਹੈ। ਗੀਤਾ ਦੱਸਦੀ ਹੈ ਕਿ ਉਨ੍ਹਾਂ ਵਰਗੇ ਹਜ਼ਾਰਾਂ ਮਜਜ਼ੂਰ ਅਤੇ ਗਰੀਬ ਲੋਕ ਇਸ ਸੀਜ਼ਨ ਵਿਚ ਰੋਜ਼ਗਾਰ ਲਈ ਰਾਜਸਥਾਨ 'ਤੋਂ ਆਉਂਦੇ ਹਨ। ਸੁਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਿਆਂ ਦੀ ਵਿਕਰੀ ਵਾਂਗ ਹੀ ਕਿਸਾਨ ਅੰਦੋਲਨ ਦੇ ਝੰਡੇ ਵਿਕ ਰਹੇ ਹਨ। ਗੀਤਾ ਵਰਗੇ ਹਜ਼ਾਰਾਂ ਲੋਕ ਪੰਜਾਬ ਦੇ ਹਰ ਸ਼ਹਿਰ ਅਤੇ ਹਰ ਚੌਕ 'ਤੇ ਕਿਸਾਨ ਅੰਦੋਲਨ ਦੇ ਝੰਡੇ ਵੇਚਦੇ ਨਜ਼ਰ ਆ ਜਾਣਗੇ।
ਪੰਜਾਬ ਦੇ ਕੋਈ ਵੀ ਵਰਗ ਦੇ ਲੋਕ ਹੋਣ , ਪੰਜਾਬ ਵੱਲੋਂ ਚਲਾਏ ਜਾ ਰਹੇ ਅੰਦੋਲਨ ਨੂੰ ਹਮਾਇਤ ਦੇ ਰਹੇ ਹਨ। ਕਿਸਾਨ ਅੰਦੋਲਨ ਦੇ ਰੋਸ ਝੰਡੇ ਵਾਹਨਾਂ 'ਤੇ ਲਾਉਣਾ ਇਕ ਸੁਨੇਹਾ ਹੈ ਕਿ ਉਹ ਕੇੰਦਰ ਦੇ ਖੇਤੀ ਕਨੂੰਨਾਂ ਨੂੰ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਵਿਚ ਨਹੀਂ ਮੰਨ ਰਹੇ। ਵਾਹਨ ਭਾਵੇਂ ਦੋ ਪਹੀਆਂ ਹੋਣ ਜਾਂ ਫਿਰ ਵੱਡੇ ਅਤੇ ਮਹਿੰਗੇ ਹੋਣ, ਪਰ ਝੰਡਾ ਵੀ ਵਾਹਨ ਦੀ ਸ਼ਾਨ ਬਣ ਰਿਹਾ ਹੈ।