ਨਵੀਂ ਦਿੱਲੀ : ਪਿਛਲੇ ਕੁੱਝ ਦਿਨਾਂ ਤੋਂ ਕਿਸਾਨਾਂ ਦੇ ਹੱਕ ਵਿਚ ਉਚ ਸ਼ਖ਼ਸੀਅਤਾਂ ਆਵਾਜ਼ ਚੁੱਕ ਰਹੀਆਂ ਹਨ ਜਿਸ ਕਰ ਕੇ ਕੇਂਦਰ ਦੀ ਸਰਕਾਰ ਬੁਖਲਾਹਟ ਵਿਚ ਆ ਰਹੀ ਹੈ ਹੁਣ ਇਸੇ ਲੜੀ ਵਿਚ ਪ੍ਰਸਿੱਧ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਅੰਤਰਰਾਸ਼ਟਰੀ ਹਸਤੀਆਂ ਕਿਸਾਨਾਂ ਦੇ ਹੱਕ ਨਿੱਤਰ ਆਈਆਂ ਹਨ ਅਤੇ ਰਿਹਾਨਾ ਦੇ ਇਕ ਟਵੀਟ ਨੇ ਹੀ ਦੇਸ਼ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਬਾਲੀਵੁੱਡ ਹਸਤੀਆਂ ਜੋ ਪਹਿਲਾਂ ਕਿਸਾਨਾਂ ਬਾਰੇ ਕੁਝ ਨਹੀਂ ਬੋਲ ਰਹੀਆਂ ਸੀ, ਰਿਹਾਨਾ ਦੇ ਟਵੀਟ ਨੇ ਉਨ੍ਹਾਂ ਨੂੰ ਵੀ ਚੁੱਪੀ ਤੋੜਨ ’ਤੇ ਮਜ਼ਬੂਰ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬਾਲੀਵੁੱਡ ਹਸਤੀਆਂ ਨੇ ਸਰਕਾਰ ਦੀ ਰਟੀ-ਰਟਾਈ ਸਕ੍ਰਿਪਟ ਹੀ ਪੋਸਟ ਕਰ ਦਿੱਤੀ ਅਤੇ ਜਿਸ ਪ੍ਰੋਪੈਗੈਂਡਾ ਤੋਂ ਬਚਣ ਦੀ ਉਹ ਗੱਲ ਕਰ ਰਹੇ ਹਨ, ਉਨ੍ਹਾਂ ਦੇ ਟਵੀਟ ਤੋਂ ਸਾਫ ਦਿਖਾਈ ਦਿੱਤਾ ਕਿ ਉਹ ਖੁਦ ਸਰਕਾਰੀ ਪ੍ਰਾਪੈਗੈਂਡਾ ਚਲਾ ਰਹੇ ਹਨ।
ਉਧਰ ਕਿਸਾਨ ਆਗੂ ਵੀ ਰਿਹਾਨਾ ਦੇ ਫੈਨ ਹੋ ਗਏ ਹਨ। ਇੱਥੋਂ ਤੱਕ ਕਿ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਰਿਹਾਨਾ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ। ਬਲਵੀਰ ਰਾਜੇਵਾਲ ਨੇ ਰਿਹਾਨਾ ਦੀਆਂ ਸਿਫ਼ਤਾਂ ਕਰਦੇ ਹੋਏ ਲਿਖਿਆ ਕਿ ਉਹ ਕਿਸਾਨ ਜੋ ਸ਼ਾਇਦ ਬਾਲੀਵੁੱਡ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ, ਅੱਜ ਉਹ ਹਾਲੀਵੁੱਡ ਸਟਾਰ ਦੀਆਂ ਗੱਲਾਂ ਇੰਝ ਕਰ ਰਹੇ ਹਨ, ਜਿਵੇਂ ਉਹ ਉਨ੍ਹਾਂ ਦੀ ਬੇਹੱਦ ਕਰੀਬੀ ਹੋਵੇ। ਰਿਹਾਨਾ ਦਾ ਨਾਂ ਹਰ ਆਮ-ਖਾਸ ਦੀ ਜ਼ੁਬਾਨ ’ਤੇ ਹੈ। ਸੱਚ ਹੈ ਕਿ ਪੰਜਾਬੀ ਜਿਸ ਨੂੰ ਪਿਆਰ ਕਰਦੇ ਹਨ, ਉਸ ਨੂੰ ਸਿਰ ਅੱਖਾਂ ’ਤੇ ਚੁੱਕ ਲੈਂਦੇ ਹਨ। ਹਾਲਾਂਕਿ 600 ਮਿਲੀਅਨ ਡਾਲਰ ਦੀ ਮਾਲਕਣ ਰਿਹਾਨਾ ਲਈ ਇਹ ਸ਼ਾਇਦ ਕੋਈ ਨਵੀਂ ਗੱਲ ਨਾ ਹੋਵੇ ਪਰ ਉਸ ਨੇ ਕਿਸਾਨਾਂ ਦਾ ਦਰਦ ਸਮਝ ਕੇ ਉਨ੍ਹਾਂ ਨੂੰ ਆਪਣਾ ਮੁਰੀਦ ਬਣਾ ਲਿਆ।
ਰਾਜੇਵਾਲ ਨੇ ਆਖਿਆ ਕਿ ਰਿਹਾਨਾ ਸਾਡੀ ਧੀ ਹੈ। ਸਾਰੇ ਕਿਸਾਨਾ ਦੀ ਧੀ ਹੈ। ਰਿਹਾਨਾ ਵੱਲੋਂ ਮੋਰਚੇ ਦੇ ਸਮਰਥਨ ਵਿਚ ਕੀਤੇ ਟਵੀਟ ਨੇ ਕਿਸਾਨ ਸੰਘਰਸ਼ ਨੂੰ ਦੁਨੀਆ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਇਸ ਬਾਰੇ ਗੱਲਾਂ ਸਾਰੀ ਦੁਨੀਆ ਵਿਚ ਹੋਣ ਲੱਗੀਆਂ ਹਨ। ਸਿੱਟੇ ਵੱਜੋਂ ਸਾਡੇ ਮੋਰਚੇ ਦੇ ਸਮਰਥਨ ਵਿਚ ਟਵੀਟਸ ਦੀ ਝੜੀ ਲੱਗ ਗਈ ਹੈ। ਰਿਹਾਨਾ ਦਿਆਲੂ, ਸੰਵੇਦਨਸ਼ੀਲ ਅਤੇ ਮੱਦਦਗਾਰ ਪ੍ਰਵਿਰਤੀ ਵਾਲੀ ਜਾਣੀ-ਪਛਾਣੀ ਹਸਤੀ ਹੈ। ਰਿਹਾਨਾ ਨੇ 2012 ਵਿਚ ਕਲਾਰਾ ਲਾਯਨੇਲ ਫਾਊਂਡੇਸ਼ਨ ਨਾਮੀ ਸੰਗਠਨ ਦੀ ਸਥਾਪਨਾ ਕੀਤੀ ਸੀ ਜਿਸ ਵੱਲੋਂ ਕੋਵਿਡ-19 ਨਾਲ ਲੜਨ ਲਈ 50 ਲੱਖ ਡਾਲਰ (ਤਕਰੀਬਨ 36 ਕਰੋੜ ਰੁਪਏ) ਦਾਨ ਵਜੋਂ ਦਿੱਤੇ ਸੀ। ਅਮਰੀਕਾ ਦੀ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮੱਦਦ ਲਈ 21 ਲੱਖ ਡਾਲਰ ਦਾਨ ਵਜੋਂ ਦਿੱਤੇ ਸੀ। ਮਾਰਚ 2020 ਵਿਚ ਕਰੋਨਾ ਵਾਇਰਸ ਸਬੰਧੀ ਕਾਰਜਾਂ ਦੀ ਮੱਦਦ ਵਜੋਂ 10 ਲੱਖ ਡਾਲਰ ਦਾਨ ਕੀਤੇ ਸੀ। ਰਿਹਾਨਾ ਦੇ ਸਮਾਜ ਅਤੇ ਕਾਲੇ ਲੋਕਾਂ ਦੇ ਉਥਾਨ ਸਬੰਧੀ ਕਾਰਜਾਂ ਬਾਰੇ ਇੰਟਰਨੈੱਟ ਤੇ ਬਹੁਤ ਸਮੱਗਰੀ ਮਿਲ ਜਾਂਦੀ ਹੈ। ਪਿਆਰੀ ਬੱਚੀ ਰਿਹਾਨਾ, ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਕਰਨ ਲਈ ਤੇਰਾ ਬਹੁਤ-ਬਹੁਤ ਧੰਨਵਾਦ।