ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਲ੍ਹਾਦ ਮੋਦੀ ਆਪਣੇ ਸਮਰਥਕਾਂ ਨੂੰ ਪੁਲਿਸ ਵੱਲੋਂ ਕਥਿਤ ਰੂਪ ਵਿਚ ਰੋਕੇ ਜਾਣ ਦੇ ਵਿਰੋਧ ਵਿਚ ਅਮੌਸੀ ਹਵਾਈ ਅੱਡੇ ਉਤੇ ਧਰਨਾ ਉਤੇ ਬੈਠ ਗਏ। ਹਵਾਈ ਅੱਡੇ ਦੇ ਸਹਾਇਕ ਮੈਨੇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਭਰਾ ਪ੍ਰਲ੍ਹਾਦ ਮੋਦੀ ਇੰਡੀਗੋ ਦੀ ਉਡਾਨ ਨਾਲ ਸ਼ਾਮ ਲਗਪਗ ਚਾਰ ਵਜੇ ਲਖਨਊ ਹਵਾਈ ਅੱਡੇ ਪਹੁੰਚੇ ਸਨ, ਉਸਤੋਂ ਬਾਅਦ ਉਹ ਹਵਾਈ ਅੱਡੇ ਅੰਦਰ ਧਰਨੇ ਉਤੇ ਬੈਠ ਗਏ।
ਪ੍ਰਲ੍ਹਾਦ ਮੋਦੀ ਨੇ ਧਰਨੇ ਦੌਰਾਨ ਕਿਹਾ, ਮੈਂ ਚਾਰ ਤਰੀਕ ਨੂੰ ਸੁਲਤਾਨਪੁਰ ਦੇ ਪ੍ਰੋਗਰਾਮ ਵਿਚ, ਅਤੇ ਉਸਤੋਂ ਬਾਅਦ ਜੌਨਪੁਰ ਅਤੇ ਫਿਰ ਪ੍ਰਤਾਪਗੜ੍ਹ ਦੇ ਸਮਾਜਿਕ ਪ੍ਰੋਗਰਾਮਾਂ ਦੇ ਲਈ ਆਇਆ ਸੀ, ਜਿੱਥੇ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਨੂੰ ਲੈਣ ਦੇ ਲਈ ਜੋ ਕਰਮਚਾਰੀ ਆ ਰਹੇ ਸੀ ਉਨ੍ਹਾਂ ਸਾਰਿਆਂ ਨੂੰ ਲਖਨਊ ਪੁਲਿਸ ਨੇ ਫੜ੍ਹ ਲਿਆ ਹੈ ਅਤੇ ਥਾਣੇ ਵਿਚ ਬਿਠਾ ਲਿਆ ਹੈ। ਉਨ੍ਹਾਂ ਲੋਕਾਂ ਉਤੇ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਿਆ ਕਿ ਮੇਰੇ ਬੱਚੇ ਜੇਲ੍ਹ ਵਿਚ ਰਹੇ ਅਤੇ ਮੈਂ ਮੁਕਤ ਰਹਾਂ, ਇਹ ਠੀਕ ਨਹੀਂ ਹੈ।
ਜਾਂ ਤਾਂ ਉਨ੍ਹਾਂ ਨੂੰ ਛੱਡੋ, ਨਹੀਂ ਤਾਂ ਮੈਂ ਏਅਰਪੋਰਟ ਉਤੇ ਭੁੱਖ ਹੜਤਾਲ ਉਤੇ ਬੈਠ ਜਾਵਾਂਗਾ। ਕੁਝ ਪੁਲਿਸ ਅਫ਼ਸਰ ਇੱਥੇ ਆਏ ਅਤੇ ਬੋਲਦੇ ਹਨ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਹੁਕਮ ਹਨ, ਤਾਂ ਮੈਂ ਮੰਗਦਾ ਹਾਂ ਕਿ ਮੈਨੂੰ ਹੁਕਮ ਦੀ ਕਾਪੀ ਦਿੱਤੀ ਜਾਵੇ। ਗੁੰਡਾਗਰਦੀ ਕਰਨ ਤੋਂ ਨਾ ਤਾਂ ਇੱਥੋਂ ਦੇ ਸ਼ਾਸਨ ਨੂੰ ਲਾਭ ਹੋਵੇਗਾ ਨਾ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਾਭ ਹੋਵੇਗਾ।
ਹਾਲਾਂਕਿ ਸੁਲਤਾਨਪੁਰ ਪੁਲਿਸ ਨੇ ਸੋਮਵਾਰ ਨੂੰ ਜਿਤੇਂਦਰ ਤਿਵਾੜੀ ਨਾਮਕ ਨੌਜਵਾਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਭਰਾ ਪ੍ਰਲ੍ਹਾਦ ਮੋਦੀ ਦੇ ਨਾਮ ਉਤੇ ਧੋਖਾਧੜੀ ਕਰਨ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ। ਕੋਤਵਾਲੀ ਨਗਰ ਮੁਖੀ ਭੁਪਿੰਦਰ ਸਿੰਘ ਦੇ ਮੁਤਾਬਿਕ ਤਿਵਾੜੀ ਨੂੰ ਪੁਲਿਸ ਨੇ ਵਿਕਾਸ ਭਵਨ ਦੇ ਨੇੜੇ ਗ੍ਰਿਫ਼ਤਾਰ ਕੀਤਾ। ਉਸਦੀ ਕਾਰ ਦੇ ਪਿਛਲੇ ਸ਼ੀਸ਼ੇ ਉਤੇ ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪ੍ਰਲ੍ਹਾਦ ਮੋਦੀ ਦਾ ਚਾਰ ਫਰਵਰੀ ਨੂੰ ਸੁਲਤਾਨਪੁਰ ਜ਼ਿਲ੍ਹੇ ਦੇ ਮਾਧਵਪੁਰ, ਗੁਪਤਾਰਗੰਜ ਵਿਚ ਪ੍ਰਸਤਾਵਿਤ ਪ੍ਰੋਗਰਾਮ ਦਾ ਪੋਸਟਰ ਲਗਾਇਆ ਹੋਇਆ ਸੀ।
ਬੀਜੇਪੀ ਜ਼ਿਲ੍ਹਾ ਪ੍ਰਧਾਨ ਆਰ.ਏ ਵਰਮਾ ਨੇ ਦੱਸਿਆ ਕਿ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਦੇ ਪ੍ਰੋਗਰਾਮ ਦੇ ਸੰਬੰਧ ਵਿਚ ਚਾਰ ਦਿਨ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਸੰਬੰਧਤ ਪ੍ਰੋਗਰਾਮ ਵਿਚ ਸਹਿਯੋਗ ਕਰਨ ਦੇ ਲਈ ਕਿਹਾ ਸੀ। ਇਸ ਉਤੇ ਉਨ੍ਹਾਂ ਨੇ ਉਸਨੂੰ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਪਾਰਟੀ ਦੇ ਪ੍ਰਦੇਸ਼ ਅਤੇ ਰਾਸ਼ਟਰੀ ਪੱਧਰ ਤੋਂ ਕੋਈ ਹੁਕਮ ਨਹੀਂ ਆਵੇਗਾ ਉਦੋਂ ਤੱਕ ਕੋਈ ਸਹਿਯੋਗ ਨਹੀਂ ਕਰ ਸਕਦੇ। ਸਥਾਨਕ ਪੱਧਰ 'ਤੇ ਪਾਰਟੀ ਦੇ ਲੋਕਾਂ ਨੂੰ ਵੀ ਮਨਾ ਕੀਤਾ ਗਿਆ ਸੀ ਕਿ ਕੋਈ ਅਜਿਹੇ ਪ੍ਰੋਗਰਾਮ ਵਿਚ ਭਾਗ ਨਹੀਂ ਲਵੇਗਾ।