ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਕੁੱਝ ਪੱਤਰਕਾਰਾਂ ਵਿਰੁਧ ਨੋਇਡਾ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਪ੍ਰਿਯੰਕਾ ਨੇ ਸਨਿਚਰਵਾਰ ਨੂੰ ਕਿਹਾ ਕਿ ਜਨਪ੍ਰਤੀਨਿਧੀਆਂ ਅਤੇ ਪੱਤਰਕਾਰਾਂ ਨੂੰ ਭਾਜਪਾ ਸਰਕਾਰ ਵਲੋਂ ਧਮਕਾਉਣ ਦਾ ਰੁਝਾਨ ਖਤਰਨਾਕ ਹੈ। ਜ਼ਿਕਰਯੋਗ ਹੈ ਕਿ ਦਿੱਲੀ ’ਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਿਲਸਿਲੇ ’ਚ ਗ਼ਲਤ ਖਬਰ ਫੈਲਾਉਣ ਦੇ ਦੋਸ਼ ’ਚ ਨੋਇਡਾ ਪੁਲਿਸ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ 6 ਪੱਤਰਕਾਰਾਂ ਸਮੇਤ 8 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ।
ਪ੍ਰਿਯੰਕਾ ਨੇ ਟਵੀਟ ਕੀਤਾ, ‘‘ਭਾਜਪਾ ਸਰਕਾਰ ਵਲੋਂ ਪੱਤਰਕਾਰਾਂ ਅਤੇ ਜਨਪ੍ਰਤੀਨਿਧੀਆਂ ’ਤੇ ਮਾਮਲਾ ਦਰਜ ਕਰ ਕੇ ਧਮਕਾਉਣ ਦਾ ਰੁਝਾਨ ਬਹੁਤ ਹੀ ਖ਼ਤਰਨਾਕ ਹੈ। ਲੋਕਤੰਤਰ ਦਾ ਸਨਮਾਨ ਸਰਕਾਰ ਦੀ ਮਰਜ਼ੀ ਨਹੀਂ ਸਗੋਂ ਉਸ ਦੀ ਜ਼ਿੰਮੇਵਾਰੀ ਹੈ। ਡਰ ਦਾ ਮਾਹੌਲ ਲੋਕਤੰਤਰ ਲਈ ਜ਼ਹਿਰ ਦੇ ਸਮਾਨ ਹੈ।’’ ਉਨ੍ਹਾਂ ਦੋਸ਼ ਲਗਾਇਆ, ‘‘ਭਾਜਪਾ ਸਰਕਾਰ ਨੇ ਸੀਨੀਅਰ ਪੱਤਰਕਾਰਾਂ ਅਤੇ ਜਨਪ੍ਰਤੀਨਿਧੀਆਂ ਨੂੰ ਧਮਕਾਉਣ ਲਈ ਸ਼ਿਕਾਇਤ ਦਰਜ ਕਰ ਕੇ ਲੋਕਤੰਤਰ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ ਹੈ।’’