ਨਵੀਂ ਦਿੱਲੀ : ਸੀ.ਐੱਮ. ਕੇਜਰੀਵਾਲ ਦੇ ਥੱਪੜ ਕਾਂਡ ਤੋਂ ਬਾਅਦ ਐਤਵਾਰ ਨੂੰ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਨੇ ਬੀਜੇਪੀ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਸ ਨੇ ਹਮਲਾਵਰ ਨੂੰ ਛੱਡ ਦਿੱਤਾ ਇਹ ਕਹਿ ਕੇ ਕਿ ਸਾਡੇ ਕੋਲ ਹਮਲਾਵਰ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ। ਸਾਡੀ ਪਾਰਟੀ ਨੇ ਤੈਅ ਕੀਤਾ ਹੈ ਕਿ ਅਸੀਂ ਸੋਮਵਾਰ ਨੂੰ ਪੁਲਸ 'ਚ ਫਾਰਮਲ ਸ਼ਿਕਾਇਤ ਦਰਜ ਕਰਵਾਂਗੇ। ਨਾਲ ਹੀ ਸੰਜੇ ਸਿੰਘ ਵੀ ਕਮਿਸ਼ਨਰ ਆਫ ਪੁਲਸ ਨਾਲ ਮੁਲਾਕਾਤ ਕਰਨਗੇ ਕਿ ਹਮਲਾਵਰ ਸੁਰੇਸ਼ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾਵੇ।
ਸਿਸੋਦੀਆ ਨੇ ਕਿਹਾ, 'ਕੋਈ ਵੀ ਸੀ.ਐੱਮ. 'ਤੇ ਹਮਲਾ ਕਰ ਦੇਵੇਗਾ ਤਾਂ ਕੀ ਪੁਲਸ ਦੇਖਦੀ ਰਹੇਗੀ? ਦਿੱਲੀ ਦੇ ਮੁੱਖ ਮੰਤਰੀ ਹਨ ਉਹ। ਕੀ ਪੁਲਸ ਸ਼ਿਕਾਇਤ ਦਾ ਇੰਤਜ਼ਾਰ ਕਰੇਗੀ ਕਿ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇਗੀ ਫਿਰ ਕੋਈ ਐਕਸ਼ਨ ਲਵਾਂਗੇ। ਸਿਰਫ ਇੰਨਾ ਹੀ ਨਹੀਂ ਸਿਸੋਦੀਆ ਨੇ ਅੱਗੇ ਕਿਹਾ ਕਿ ਪੁਲਸ ਬੀਜੇਪੀ ਦੇ ਇਸ਼ਾਰੇ 'ਤੇ ਝੂਠ ਬੋਲ ਰਹੀ ਹੈ ਕਿ ਉਹ ਸ਼ਖਸ ਆਮ ਆਦਮੀ ਪਾਰਟੀ ਦਾ ਸਪੋਰਟਰ ਹੈ।' ਉਥੇ ਹੀ ਇਸ ਮਾਮਲੇ 'ਚ ਕੇਜਰੀਵਾਲ ਨੇ ਕਿਹਾ, 'ਬੀਜੇਪੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਚਾਰ ਸਾਲ 'ਚ ਇਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ 'ਤੇ 33 ਕੇਸ ਕੀਤੇ ਹੋਏ ਹਨ। ਮੇਰੇ ਆਫਿਸ ਤੇ ਘਰ 'ਤੇ ਛਾਪਾ ਮਾਰਿਆ ਗਿਆ। ਸਾਡੇ 20 ਵਿਧਾਇਕਾਂ 'ਤੇ ਕੇਸ ਹਨ। ਮੇਰੇ ਰਿਸ਼ਤੇਦਾਰਾਂ ਨੂੰ ਫੜ੍ਹ ਰਹੇ ਹਨ। ਸਾਡੇ ਵਿਧਾਇਕਾਂ ਨੂੰ ਖਰੀਦ ਰਹੇ ਹਨ। ਸਾਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'