ਨਵੀਂ ਦਿੱਲੀ (ਏਜੰਸੀ) : ਰਮਜ਼ਾਨ ਮਹੀਨੇ ਵਿਚ ਵੋਟਿੰਗ ਕਰਨ ਦਾ ਸਮਾਂ ਨਹੀਂ ਬਦਲੇਗਾ। ਚੋਣ ਕਮਿਸ਼ਨ ਨੇ ਮੰਗ ਨੂੰ ਰੱਦ ਕਰ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਅੰਤਿਮ ਤਿੰਨ ਪੜਾਅ ਵਿਚ ਵੋਟਿੰਗ ਸਵੇਰੇ 7 ਵਜੇ ਹੀ ਸ਼ੁਰੂ ਹੋਵੇਗੀ। ਉਸ ਤੋਂ ਪਹਿਲਾਂ ਵੋਟਿੰਗ ਕਰਵਾਉਣਾ ਸੰਭਵ ਨਹੀਂ ਹੈ। ਇਕ ਪਟੀਸ਼ਨ ਦੇ ਜਵਾਬ ਵਿਚ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਰਮਜ਼ਾਨ ਦੇ ਦਿਨਾਂ ਵਿਚ ਸਵੇਰੇ 5 ਵਜੇ ਵੋਟਿੰਗ ਕਰਵਾਉਣ 'ਤੇ ਵਿਚਾਰ ਕਰਨ ਨੂੰ ਕਿਹਾ ਸੀ। ਇਹ ਪਟੀਸ਼ਨ ਬੁਲਾਰੇ ਮੁਹੰਮਦ ਨਿਜ਼ਾਮੁਦੀਨ ਅਤੇ ਅਸਦ ਹਯਾਤ ਵਲੋਂ ਦਾਇਰ ਕੀਤੀ ਗਈ ਸੀ।
ਦੱਸ ਦਈਏ ਕਿ ਪੰਜਵੇਂ ਪੜਾਅ ਦੀ ਵੋਟਿੰਗ ਕਲ ਹੋਣੀ ਹੈ ਅਤੇ 6ਵੇਂ ਤੇ 7ਵੇਂ ਪੜਾਅ ਦੀ ਵੋਟਿੰਗ 12, 19 ਮਈ ਨੂੰ ਕਰਵਾਈ ਜਾਵੇਗੀ। ਇਸ ਦੌਰਾਨ ਮਈ ਦੇ ਮਹੀਨੇ ਵਿਚ ਰਮਜ਼ਾਨ ਵੀ ਸ਼ੁਰੂ ਹੋ ਰਹੇ ਹਨ। ਅਜਿਹੇ ਵਿਚ ਇਕ ਵਿਸ਼ੇਸ਼ ਵਰਗ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਵੋਟਿੰਗ ਦੇ ਸਮੇਂ ਨੂੰ ਬਦਲਣ ਲਈ ਅਪੀਲ ਕੀਤੀ ਸੀ।