ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਿਛਲੇ ਦਿਨੀਂ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਏ ਹੰਗਾਮੇ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੋਏ ਤਿਰੰਗੇ ਅਤੇ ਗਣਤੰਤਰ ਦਿਵਸ ਵਰਗੇ ਪਵਿੱਤਰ ਦਿਹਾੜੇ ਦਾ ਅਪਮਾਨ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸੰਵਿਧਾਨ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਉਹੀ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਕਾਨੂੰਨ ਅਤੇ ਨਿਯਮ ਦੀ ਬਰਾਬਰ ਗੰਭੀਰਤਾ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਕੇਂਦਰੀ ਹਾਲ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੁਧਾਰ ਅਤੇ ਖੇਤੀਬਾੜੀ ਨੂੰ ਤਰਜੀਹ ਦਿੰਦਿਆਂ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ, “ਮੇਰੀ ਸਰਕਾਰ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਬਣਨ ਤੋਂ ਪਹਿਲਾਂ ਪੁਰਾਣੀ ਪ੍ਰਣਾਲੀ ਦੇ ਅਧੀਨ ਅਧਿਕਾਰਾਂ ਅਤੇ ਸਹੂਲਤਾਂ ਵਿਚ ਕੋਈ ਕਮੀ ਨਹੀਂ ਆਈ ਸੀ। ਬਲਕਿ ਇਨ੍ਹਾਂ ਖੇਤੀਬਾੜੀ ਸੁਧਾਰਾਂ ਰਾਹੀਂ ਸਰਕਾਰ ਨੇ ਕਿਸਾਨਾਂ ਨੂੰ ਨਵੀਆਂ ਸਹੂਲਤਾਂ ਦੇ ਨਾਲ ਨਾਲ ਨਵੇਂ ਅਧਿਕਾਰ ਵੀ ਦਿੱਤੇ ਹਨ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ, 'ਚੁਣੌਤੀ ਕਿੰਨੀ ਹੀ ਵੱਡੀ ਕਿਉਂ ਨਾ ਹੋਵੇ, ਨਾ ਅਸੀਂ ਰੁਕਾਂਗੇ ਤੇ ਨਾ ਭਾਰਤ ਰੁਕੇਗਾ। ਭਾਰਤ ਜਦੋਂ-ਜਦੋਂ ਇਕਜੁੱਟ ਹੋਇਆ ਹੈ, ਉਦੋਂ-ਉਦੋਂ ਉਸ ਨੇ ਅਸੰਭਵ ਲੱਗਣ ਵਾਲੇ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ।' ਉਨ੍ਹਾਂ ਨੇ ਦੇਸ਼ ਪ੍ਰੇਮ ਨਾਲ ਓਤ-ਪ੍ਰੋਤ ਕਵੀ, ਅਸਮ ਕੇਸਰੀ, ਅੰਬਿਕਾਗਿਰੀ ਰਾਏਚੌਧਰੀ ਦੀਆਂ ਕੁਝ ਪੰਕਤੀਆਂ ਦਾ ਜ਼ਿਕਰ ਕੀਤਾ। ਇਹ ਪੰਕਤੀਆਂ ਹਨ, 'ਓਮ ਤਤਸਤ ਭਾਰਤ ਮਹਤ, ਏਕ ਚੇਤੋਨਾਤ, ਏਕ ਧਿਆਨੋਤ, ਏਕ ਸਾਧੋਨਾਤ, ਏਕ ਆਵੇਗੋਤ, ਏਕ ਹੋਈ ਜ਼ਾ, ਏਕ ਹੋਈ ਜ਼ਾ।' ਰਾਸ਼ਟਰਪਤੀ ਨੇ ਇਨ੍ਹਾਂ ਪੰਕਤੀਆਂ ਦਾ ਅਰਥ ਵੀ ਦੱਸਿਆ, ਉਨ੍ਹਾਂ ਕਿਹਾ, 'ਭਾਰਤ ਦੀ ਮਹਾਨਤਾ ਪਰਮ ਸੱਤਿਆ ਹੈ। ਇੱਕ ਹੀ ਚੇਤਨਾ 'ਚ, ਇਕ ਹੀ ਧਿਆਨ 'ਚ, ਇਕ ਹੀ ਸਾਧਨਾ 'ਚ, ਇਕ ਹੀ ਆਵੇਗ 'ਚ, ਇਕ ਹੋ ਜਾਓ, ਇਕ ਹੋ ਜਾਓ।'
ਰਾਸ਼ਟਰਪਤੀ ਨੇ ਕਿਹਾ, 'ਮਹਾਮਾਰੀ ਖ਼ਿਲਾਫ਼ ਇਸ ਲੜਾਈ 'ਚ ਅਸੀਂ ਅਨੇਕਾਂ ਦੇਸ਼ਵਾਸੀਆਂ ਨੂੰ ਖੋ ਦਿੱਤਾ। ਸਾਡੇ ਸਾਰਿਆਂ ਦੇ ਪਿਆਰੇ ਤੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦਾ ਦੇਹਾਂਤ ਵੀ ਕੋਰੋਨਾ ਕਾਲ 'ਚ ਹੋਇਆ। ਸੰਸਦ ਦੇ 6 ਮੈਂਬਰ ਦੀ ਵੀ ਕੋਰੋਨਾ ਕਾਰਨ ਅਕਾਲ ਮੌਤ ਹੋ ਗਈ। ਮੈਂ ਸਭ ਦੇ ਪ੍ਰਤੀ ਨਿਮਰਤਾਪੂਰਵਕ ਸ਼ਰਧਾਂਜਲੀ ਭੇਟ ਕਰਦਾ ਹਾਂ।
ਰਾਸ਼ਟਰਪਤੀ ਨੇ ਕਿਹਾ, 'ਮੈਨੂੰ ਸੰਤੁਸ਼ਟੀ ਹੈ ਕਿ ਮੇਰੀ ਸਰਕਾਰ ਵੇਲੇ ਲਏ ਗਏ ਸਟੀਕ ਫ਼ੈਸਲਿਆਂ ਨਾਲ ਲੱਖਾਂ ਦੇਸ਼ਵਾਸੀਆਂ ਦਾ ਜੀਵਨ ਬਚਿਆ ਹੈ। ਅੱਜ ਦੇਸ਼ ਵਿਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਤੇ ਜਿਹੜੇ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ।' ਉਨ੍ਹਾਂ ਅੱਗੇ ਕਿਹਾ, 'ਅਰਥਵਿਵਸਥਾ ਨੂੰ ਸੰਭਾਲਣ ਲਈ ਰਿਕਾਰਡ ਆਰਥਿਕ ਪੈਕੇਜ ਦੇ ਐਲਾਨ ਦੇ ਨਾਲ ਹੀ ਮੇਰੀ ਸਰਕਾਰ ਨੇ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਕਿਸੇ ਗਰੀਬ ਨੂੰ ਭੁੱਖਾ ਨਾ ਰਹਿਣਾ ਪਵੇ।' ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਜ਼ਰੀਏ 8 ਮਹੀਨਿਆਂ ਤਕ 80 ਕਰੋੜ ਲੋਕਾਂ ਨੂੰ 5 ਕਿੱਲੋ ਹਰ ਮਹੀਨੇ ਵਾਧੂ ਅਨਾਜ ਮੁਫ਼ਤ ਯਕੀਨੀ ਬਣਾਇਆ ਗਿਆ। ਸਰਕਾਰ ਨੇ ਪਰਵਾਸੀ ਕਿਰਤੀਆਂ, ਕਾਮਿਆਂ ਤੇ ਆਪਣੇ ਘਰੋਂ ਦੂਰ ਰਹਿਣ ਵਾਲੇ ਲੋਕਾਂ ਦੀ ਵੀ ਚਿੰਤਾ ਕੀਤੀ। ਮਹਾਮਾਰੀ ਕਾਰਨ ਸ਼ਹਿਰਾਂ ਤੋਂ ਵਾਪਸ ਆਏ ਪਰਵਾਸੀਆਂ ਨੂੰ ਉਨ੍ਹਾਂ ਦੇ ਹੀ ਪਿੰਡਾਂ 'ਚ ਕੰਮ ਦੇਣ ਲਈ ਮੇਰੀ ਸਰਕਾਰ ਨੇ ਛੇ ਸੂਬਿਆਂ 'ਚ ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ ਵੀ ਚਲਾਈ।'
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਰੇਲ ਰੇਲ ਭਾਰਤ ਦੇ ਕਿਸਾਨਾਂ ਨੂੰ ਨਵੀਂ ਮਾਰਕੀਟ ਮੁਹੱਈਆ ਕਰਵਾਉਣ ਲਈ ਇੱਕ ਨਵਾਂ ਅਧਿਆਇ ਲਿਖ ਰਹੀ ਹੈ। ਹੁਣ ਤੱਕ 100 ਤੋਂ ਵੱਧ ਕਿਸਾਨ ਰੇਲ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ ਜਿਸ ਰਾਹੀਂ 38 ਹਜ਼ਾਰ ਟਨ ਤੋਂ ਵੱਧ ਅਨਾਜ ਅਤੇ ਫਲਾਂ ਅਤੇ ਸਬਜ਼ੀਆਂ ਨੂੰ ਕਿਸਾਨਾਂ ਨੇ ਇੱਕ ਖਿੱਤੇ ਤੋਂ ਦੂਜੇ ਖੇਤਰ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੁਨਿਆਦੀ ਢਾਂਚਾ ਸਥਾਪਤ ਕਰਨ ਅਤੇ ਡੇਅਰੀ ਸੈਕਟਰ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ 15 ਹਜ਼ਾਰ ਕਰੋੜ ਦਾ ਪਸ਼ੂ ਪਾਲਣ ਢਾਂਚਾ ਵਿਕਾਸ ਫੰਡ ਵੀ ਸਥਾਪਤ ਕੀਤਾ ਹੈ।
ਕੋਵਿੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੁਸਮ ਯੋਜਨਾ ਤਹਿਤ 20 ਲੱਖ ਸੋਲਰ ਪੰਪ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਗੰਨੇ, ਮੱਕੀ, ਝੋਨੇ ਆਦਿ ਤੋਂ ਐਥੇਨ ਦੇ ਉਤਪਾਦਨ ਨੂੰ ਵੀ ਸਰਕਾਰ ਨੇ ਉਤਸ਼ਾਹਤ ਕੀਤਾ ਹੈ। ਪਿਛਲੇ 6 ਸਾਲਾਂ ਵਿਚ ਸਰਕਾਰ ਦੀਆਂ ਸਕਾਰਾਤਮਕ ਨੀਤੀਆਂ ਕਾਰਨ ਐਥੇਨਾਲ ਦਾ ਉਤਪਾਦਨ 38 ਕਰੋੜ ਲੀਟਰ ਤੋਂ ਵਧ ਕੇ 190 ਕਰੋੜ ਲੀਟਰ ਹੋ ਗਿਆ ਹੈ।