ਇਹ ਆਗੂ ਵਿਜੇ ਮਾਲਿਆ, ਨੀਰਵ ਮੋਦੀ ਜਾਂ ਮੇਹੁੱਲ ਚੌਕਸੀ ਨਹੀਂ ਜੋ ਭੱਜ ਜਾਣਗੇ
ਚੰਡੀਗੜ੍ਹ : ਕਿਸਾਨ ਆਗੂਆਂ ਨੂੰ ਲੁੱਕਆਊਟ ਨੋਟਿਸ ਜਾਰੀ ਕੀਤੇ ਜਾਣ ਨੂੰ ਪੂਰਨ ਤੌਰ 'ਤੇ ਗਲਤ ਗਰਦਾਨਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਮੁਲਕ ਛੱਡ ਜਾਣ ਦੇ ਤੌਖਲੇ ਪ੍ਰਗਟ ਕਰਨੇ ਨਾ ਸਿਰਫ ਤਰਕਹੀਣ ਹੈ ਸਗੋਂ ਨਿੰਦਣਯੋਗ ਵੀ ਹੈ।
ਮੁੱਖ ਮੰਤਰੀ ਨੇ ਕਿਹਾ, ''ਇਹ ਕਿਸਾਨ ਆਗੂ ਕਿੱਥੇ ਭੱਜ ਜਾਣਗੇ?'' ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਘੱਟ ਜ਼ਮੀਨ ਵਾਲੇ ਛੋਟੀ ਕਿਸਾਨੀ ਨਾਲ ਜੁੜੇ ਹਨ ਨਾ ਕਿ ਵਿਜੇ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਜਾਂ ਮੇਹੁੱਲ ਚੌਕਸੀ ਵਰਗੇ ਵੱਡੇ ਕਾਰਪੋਰੇਟ ਭਗੌੜੇ ਹਨ ਜੋ ਮੁਲਕ ਦਾ ਅਰਬਾਂ ਦਾ ਸਰਮਾਇਆ ਲੁੱਟਣ ਤੋਂ ਬਾਅਦ ਪਿਛਲੇ ਕੁੱਝ ਸਾਲਾਂ ਤੋਂ ਦੇਸ਼ ਵਿੱਚੋਂ ਭੱਜ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਤੁਸੀਂ ਇਨ੍ਹਾਂ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਵਿੱਚ ਤਾਂ ਨਾਕਾਮ ਰਹੇ ਪਰ ਹੁਣ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ।'' ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੁੱਕਆਊਟ ਨੋਟਿਸ ਵਾਪਸ ਲੈਣ ਲਈ ਤੁਰੰਤ ਦਿੱਲੀ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਜਾਣ। ਮੁੱਖ ਮੰਤਰੀ ਨੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਵਿੱਚ ਕਿਸਾਨਾਂ ਖਿਲਾਫ ਬਿਨਾਂ ਕੋਈ ਸਬੂਤ ਦੇ ਐਫ.ਆਈ.ਆਰਜ਼ ਵਿੱਚ ਕਿਸਾਨ ਆਗੂਆਂ ਦਾ ਨਾਮ ਸ਼ਾਮਲ ਕਰਨ ਲਈ ਦਿੱਲੀ ਪੁਲਿਸ ਦੇ ਫੈਸਲੇ ਉਤੇ ਸਵਾਲ ਚੁੱਕਿਆ।