ਕੋਲੰਬੋ : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਪੱਛਮੀ ਤਟੀ ਸ਼ਹਿਰ ਨੇਗੋਂਬੋ ਵਿਚ ਐਤਵਾਰ ਨੂੰ ਫਿਰ ਤੋਂ ਕਰਫਿਊ ਲਗਾ ਦਿੱਤਾ, ਜਿਥੇ 21 ਅਪ੍ਰੈਲ ਨੂੰ ਲੜੀਵਾਰ ਧਮਾਕਿਆਂ ਦੌਰਾਨ ਜਿਹਾਦੀਆਂ ਨੇ ਇਕ ਚਰਚ ਵਿਚ ਹਮਲਾ ਕੀਤਾ ਸੀ। ਸ਼ਹਿਰ ਦੇ ਪੋਰਾਥੋਟਾ ਖੇਤਰ ਵਿਚ ਤਿਪਹੀਆ ਵਾਹਨ 'ਤੇ ਜਾ ਰਹੇ ਕੁਝ ਲੋਕਾਂ 'ਤੇ ਬਦਮਾਸ਼ਾਂ ਦੇ ਇਕ ਸਮੂਹ ਨੇ ਤਲਵਾਰਾਂ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਵਾਹਨ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਫੌਜ ਨੂੰ ਦਖਲ ਦੇਣਾ ਪਿਆ। ਪੁਲਸ ਬੁਲਾਰੇ ਰੂਵਾਨ ਗੁਣਾਸ਼ੇਖਰਾ ਨੇ ਕਿਹਾ ਕਿ ਨੇਗੋਂਬੋ ਅਤੇ ਕੋਚਿਕਾਡੇ ਪੁਲਸ ਖੇਤਰਾਂ ਵਿਚ ਤੁਰੰਤ ਪ੍ਰਭਾਵ ਨਾਲ ਕਲ ਸਵੇਰੇ 7 ਵਜੇ ਤੱਕ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਸੇਂਟ ਸੇਬਾਸਟੀਅਨ ਦੇ ਚਰਚ 'ਤੇ ਆਤਮਘਾਤੀ ਹਮਲਾਵਰ ਵਲੋਂ ਕੀਤੇ ਗਏ ਹਮਲੇ ਵਿਚ ਕਈ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਬਾਅਦ ਤੋਂ ਖੇਤਰ ਵਿਚ ਤਣਾਅ ਵਾਲਾ ਮਾਹੌਲ ਹੈ। ਬੀਤੀ 21 ਅਪ੍ਰੈਲ ਨੂੰ ਇਕ ਮਹਿਲਾ ਸਣੇ 9 ਆਤਮਘਾਤੀ ਹਮਲਾਵਰਾਂ ਵਲੋਂ ਤਿੰਨ ਚਰਚਾਂ ਅਤੇ ਤਿੰਨ ਲਗਜ਼ਰੀ ਹੋਟਲਾਂ ਵਿਚ ਕੀਤੇ ਗਏ ਲੜੀਵਾਰ ਹਮਲੇ ਵਿਚ 253 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ।