ਬਾਲਿਆਂਵਾਲੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਮੈਂਬਰ ਗੁਰਸਿੱਖ ਉੱਗਰ ਸਿੰਘ (54) ਪੁੱਤਰ ਅਜਮੇਰ ਸਿੰਘ ਵਾਸੀ ਢੱਡੇ (ਬਠਿੰਡਾ) ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਕਰਦੇ ਹੋਏ 26 ਜਨਵਰੀ ਦੀ ਕਿਸਾਨੀ ਪਰੇਡ 'ਚ ਸ਼ਾਮਲ ਹੋਣ ਗਏ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਉੱਗਰ ਸਿੰਘ ਦੇ ਪਰਿਵਾਰ ਕੋਲ ਮਹਿਜ਼ 3 ਕੁ ਏਕੜ ਜ਼ਮੀਨ ਸੀ, ਜਿਸ ਦੇ ਸਹਾਰੇ ਘਰ ਦਾ ਗੁਜ਼ਾਰਾ ਕਰਦੇ ਸਨ ਅਤੇ ਉਸ ਦੇ ਸਿਰ ਗਿਆਰਾਂ ਲੱਖ ਲੈਂਡਮਾਰਗਜ ਬੈਂਕ, ਢਾਈ ਲੱਖ ਰੁਪਏ ਆੜ੍ਹਤੀਆ ਅਤੇ ਚਾਰ ਲੱਖ ਰੁਪਏ ਨਜ਼ਦੀਕੀਆਂ 'ਤੇ ਰਿਸ਼ਤੇਦਾਰਾਂ ਦੇ ਕਰਜ਼ੇ ਸਮੇਤ ਸਾਢੇ 17 ਲੱਖ ਰੁਪਏ ਦਾ ਕਰਜ਼ਾਈ ਸੀ।ਭਾਰਤੀ ਕਿਸਾਨ ਯੂਨੀਅਨ (BKU) ਉਗਰਾਹਾਂ ਦੇ ਜ਼ਿਲ੍ਹਾ ਆਗੂ ਮੋਠੂ ਸਿੰਘ ਕੋਟੜਾ ਨੇ ਸਰਕਾਰ ਨੂੰ ਸਖ਼ਤ ਸ਼ਬਦਾਂ 'ਚ ਤਾੜਨਾ ਕੀਤੀ ਕਿ ਜਿੰਨਾਂ ਚਿਰ ਸਰਕਾਰ ਸ਼ਹੀਦ ਹੋਏ ਕਿਸਾਨ ਉੱਗਰ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ 'ਤੇ ਆਰਥਿਕ ਸਹਾਇਤਾ ਅਤੇ ਉਪਰੋਕਤ ਸਾਰਾ ਕਰਜ਼ਾ ਮੁਆਫ਼ ਕਰਨ ਦਾ ਲਿਖਤੀ ਭਰੋਸਾ ਨਹੀਂ ਦੇਵੇਗੀ ਤਾਂ, ਉਨ੍ਹਾਂ ਚਿਰ ਸ਼ਹੀਦ ਕਿਸਾਨ ਦਾ ਅੰਤਿਮ ਸਸਕਾਰ ਨਹੀ ਕਰਾਂਗੇ।