ਕੋਲੰਬੋ, (ਏਜੰਸੀ): ਸ੍ਰੀਲੰਕਾ ਈਸਟਰ ਸੰਡੇ ਹੋਏ ਆਤਮਘਾਤੀ ਹਮਲੇ ਦੇ ਬਾਅਦ ਹੁਣ ਤਕ 200 ਮੌਲਾਨਾ ਸਮੇਤ 600 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ 'ਚੋਂ ਕੱਢ ਚੁਕਿਆ ਹੈ। ਇਕ ਮੰਤਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਗ੍ਰਹਿ ਮੰਤਰੀ ਵਜੀਰਾ ਅਭੈਵਰਦਨੇ ਨੇ ਕਿਹਾ ਕਿ ਇਹ ਮੌਲਾਨਾ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਆਏ ਸਨ ਪਰ ਹਮਲਿਆਂ ਦੇ ਬਾਅਦ ਹੋਈ ਸੁਰੱਖਿਆ ਜਾਂਚ ਵਿਚ ਪਾਇਆ ਗਿਆ ਕਿ ਉਹ ਵੀਜ਼ਾ ਮਿਆਦ ਖ਼ਤਮ ਹੋਣ ਦੇ ਬਾਅਦ ਵੀ ਦੇਸ਼ ਵਿਚ ਰਹਿ ਰਹੇ ਸਨ। ਇਸ ਲਈ ਉਨ੍ਹਾਂ 'ਤੇ ਜੁਰਮਾਨਾ ਲਗਾ ਕੇ ਦੇਸ਼ ਨਿਕਾਲਾ ਦੇ ਦਿਤਾ ਗਿਆ।
ਅਭੈਵਰਦਨੇ ਨੇ ਕਿਹਾ, ''ਦੇਸ਼ ਵਿਚ ਸੁਰੱਖਿਆ ਦੀ ਤਾਜ਼ਾ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਵੀਜ਼ਾ ਪ੍ਰਣਾਲੀ ਦੀ ਸਮੀਖਿਆ ਕੀਤੀ ਅਤੇ ਧਾਰਮਿਕ ਆਗੂਆਂ ਲਈ ਵੀਜ਼ਾ ਪਾਬੰਦੀਆਂ ਨੂੰ ਸਖ਼ਤ ਕਰਨ ਦਾ ਫ਼ੈਸਲਾ ਲਿਆ।'' ਉਨ੍ਹਾਂ ਨੇ ਕਿਹਾ, ''ਦੇਸ਼ ਵਿਚੋਂ ਬਾਹਰ ਕੱਢੇ ਗਏ ਲੋਕਾਂ ਵਿਚ 200 ਮੌਲਾਨਾ ਹਨ।'' ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਚ 21 ਅਪ੍ਰੈਲ ਨੂੰ ਈਸਟਰ ਸੰਡੇ ਨੂੰ ਹੋਏ ਬੰਬ ਧਮਾਕਿਆਂ ਵਿਚ 257 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਵੱਧ ਜ਼ਖ਼ਮੀ ਹੋਏ ਸਨ। ਇਨ੍ਹਾਂ ਹਮਲਿਆਂ ਨੂੰ ਸਥਾਨਕ ਮੌਲਾਨਾ ਨੇ ਅੰਜਾਮ ਦਿਤਾ ਸੀ। ਜਿਸ ਨੇ ਹਮਲੇ ਤੋਂ ਪਹਿਲਾਂ ਗੁਆਂਢੀ ਦੇਸ਼ ਭਾਰਤ ਦਾ ਦੌਰਾ ਕਰਕੇ ਜਿਹਾਦੀਆਂ ਨਾਲ ਸੰਪਰਕ ਬਣਾਏ ਸਨ। ਹਮਲੇ ਦੀ ਜ਼ਿੰਮੇਵਾਰੀ ਇਕ ਸਥਾਨਕ ਜਿਹਾਦੀ ਸਮੂਹ ਨੇ ਲਈ ਸੀ।