ਉੱਤਰ ਪ੍ਰਦੇਸ਼ : ਸਥਾਨਕ ਪੁਲਿਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਦਸ ਤੋਂ ਵੱਧ ਹੋਰ ਕਮੇਟੀ ਮੈਂਬਰਾਂ ਨੂੰ ਬੀਤੀ ਰਾਤ ਪੀਲੀਭੀਤ ਤੋਂ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਸਾਰਿਆਂ ਨੂੰ ਇਥੋਂ ਬਰੇਲੀ ਲਿਜਾਇਆ ਗਿਆ। ਦੱਸ ਦਈਏ ਕਿ ਸਿਰਸਾ ਤੇ ਦਿੱਲੀ ਕਮੇਟੀ ਦੇ ਹੋਰ ਮੈਂਬਰ, ਯੂਪੀ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕੇ ਜਾਣ ਦੀਆਂ ਰਿਪੋਰਟਾਂ ਮਗਰੋਂ ਵਫ਼ਦ ਲੈ ਕੇ ਬਰੇਲੀ ਪੁੱਜੇ ਸਨ। ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਪੀਲੀਭੀਤ ਵਿੱਚ ਸਿਰਸਾ ਤੇ ਸਾਥੀ ਮੈਂਬਰਾਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਦੱਸ ਦਈਏ ਕਿ ਸਿਰਸਾ ਨੇ ਪੁਲਿਸ ਅਧਿਕਾਰੀ ਤੋਂ ਸਵਾਲ ਪੁੱਛਿਆ ਉਨ੍ਹਾਂ ਨੂੰ ਕਿਸ ਦੇ ਇਸ਼ਾਰੇ ’ਤੇ ਅਤੇ ਕਿਹੜੀਆਂ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਦਾ ਜਵਾਬ ਨਹੀਂ ਦਿੱਤਾ। ਸਿਰਸਾ ਅਤੇ ਸਾਥੀਆਂ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਦੇ ਹੀ ਸਥਾਨਕ ਸਿੱਖ ਆਗੂ ਵੀ ਥਾਣੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਇਹ ਪੁਲਿਸ ਦੀ ਧੱਕੇਸ਼ਾਹੀ ਹੈ ਤੇ ਯੂਪੀ ਪੁਲਿਸ ਪੰਜਾਬੀ ਕਿਸਾਨਾਂ ਨੂੰ ਕਿਸਾਨ ਅੰਦੋਲਨ ’ਚ ਸ਼ਾਮਲ ਨਾ ਹੋਣ ਤੋਂ ਰੋਕ ਰਹੀ ਹੈ।