ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿ ਸਥਾਨਕ ਡਾਕਟਰਾਂ ਨੇ 16 ਮਹੀਨਿਆਂ ਦੀ ਇੱਕ ਬਾਲੜੀ ਦੇ ਨੱਕ ਰਾਹੀਂ ਵੱਡਾ ਬ੍ਰੇਨ ਟਿਊਮਰ ਕੱਢਣ ’ਚ ਸਫ਼ਲਤਾ ਹਾਸਲ ਕੀਤੀ ਹੈ। ਇੱਥੇ ਵੱਡੀ ਗੱਲ ਇਹ ਹੈ ਕਿ ਬੱਚੀ ਦੁਨੀਆਂ ਦੀ ਸਭ ਤੋਂ ਛੋਟੀ ਮਰੀਜ਼ ਹੈ ਜਿਸ ਦੀ ਐਂਡੋਸਕੋਪਿਕ ਸਰਜਰੀ ਕੀਤੀ ਗਈ। ਇਸ ਤੋਂ ਪਹਿਲਾਂ ਅਮਰੀਕਾ ਦੇ ਸਟੈਨਫੋਰਡ ’ਚ 2019 ’ਚ ਦੋ ਸਾਲ ਦੇ ਬੱਚੇ ਦਾ ਟਿਊਮਰ ਨੱਕ ਰਾਹੀਂ ਕੱਢਿਆ ਗਿਆ ਸੀ। ਇਹ ਬੱਚੀ ਉੱਤਰਾਖੰਡ ਤੋਂ ਪੀਜੀਆਈ ’ਚ ਰੈਫ਼ਰ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਬੱਚੀ ਨੂੰ ਦਿਸਣਾ ਬੰਦ ਹੋਣ ਦੀ ਸ਼ਿਕਾਇਤ ਮਗਰੋਂ ਉਸ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਕੁਝ ਮਹੀਨੇ ਪਹਿਲਾਂ ਬੱਚੀ ਖੇਡਦੀ ਰਹਿੰਦੀ ਸੀ ਪਰ ਇਕ ਦਿਨ ਮਾਂ ਨੇ ਨੋਟਿਸ ਕੀਤਾ ਕਿ ਜਦੋਂ ਉਸ ਨੂੰ ਕੁਝ ਦਿਖਾਇਆ ਜਾਂਦਾ ਸੀ ਤਾਂ ਉਹ ਕੋਈ ਪ੍ਰਤੀਕਰਮ ਨਹੀਂ ਦਿੰਦੀ ਸੀ। ਡਾਕਟਰਾਂ ਨੇ ਐੱਮਆਰਆਈ ਸਕੈਨ ਕਰਵਾਇਆ ਤਾਂ ਪਤਾ ਚਲਿਆ ਕਿ ਉਸ ਦੀ ਖੋਪੜੀ ਦੀ ਸਤਹਿ ’ਤੇ ਤਿੰਨ ਸੈਂਟੀਮੀਟਰ ਵੱਡਾ ਬ੍ਰੇਨ ਟਿਊਮਰ ਹੈ। ਨਿਉਰੋਸਰਜਰੀ ਵਿਭਾਗ ਦੇ ਡਾਕਟਰਾਂ ਧਾਂਦਾਪਾਣੀ ਐੱਸ ਐੱਸ ਤੇ ਡਾਕਟਰ ਸੁਸ਼ਾਂਤ ਅਤੇ ਈਐੱਨਟੀ ਵਿਭਾਗ ਦੀ ਡਾਕਟਰ ਰਿਜੂਨੀਤਾ ਨੇ ਬੱਚੇ ਦਾ ਅਪਰੇਸ਼ਨ ਕੀਤਾ। ਦੱਸਣਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ’ਚ ਕਰੀਬ ਛੇ ਘੰਟਿਆਂ ਦੇ ਅਪਰੇਸ਼ਨ ਮਗਰੋਂ ਬੱਚੀ ਦੇ ਨੱਕ ਰਾਹੀਂ ਬ੍ਰੇਨ ਟਿਊਮਰ ਨੂੰ ਕੱਢ ਦਿੱਤਾ ਗਿਆ। ਬੱਚੀ ਨੂੰ ਆਈਸੀਯੂ ’ਚ ਰੱਖਿਆ ਗਿਆ ਜਿਥੇ 10 ਦਿਨਾਂ ਮਗਰੋਂ ਉਸ ਦੀ ਤਬੀਅਤ ਅਤੇ ਨਜ਼ਰ ’ਚ ਸੁਧਾਰ ਨਜ਼ਰ ਆ ਰਿਹਾ ਹੈ।