ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਸਮੂਹ ’ਚ 6.2 ਤੀਬਰਤਾ ਦੇ ਭੂਚਾਲ ਤੋਂ ਬਾਅਦ ਐਤਵਾਰ ਨੂੰ ਬਚਾਅ ਕਾਰਜ ਦੌਰਾਨ ਕਰਮੀਆਂ ਨੂੰ ਘਰਾਂ ਦੀਆਂ ਇਮਾਰਤਾਂ ਦੇ ਮਲਬੇ ਹੇਠਾਂ ਤੋਂ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ ਦੀ ਗਿਣਤੀ 73 ਹੋ ਗਈ। ਇਸ ਦਰਮਿਆਨ ਫ਼ੌਜ ਦੇ ਇੰਜਨੀਅਰਾਂ ਨੇ ਹਾਦਸਾਗ੍ਰਸਤ ਸੜਕਾਂ ਖੋਲ੍ਹ ਦਿਤੀਆਂ ਜਿਸ ਨਾਲ ਰਾਹਤ ਸਮੱਗਰੀ ਤਕ ਪਹੁੰਚ ਸੰਭਵ ਹੋ ਗਈ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਰਾਦਿਤਯ ਜਾਤੀ ਨੇ ਕਿਹਾ, ‘‘ਵੀਰਵਾਰ ਅੱਧੀ ਰਾਤ ਆਏ ਭੂਚਾਲ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਮਮੁਜੁ ਸ਼ਹਿਰ ਤੇ ਸੁਲਾਵੇਸੀ ਦੀਪ ਤੇ ਮਾਜੇਨੇ ’ਚ ਤੇ ਹੋਰ ਵੀ ਭਾਰੀ ਉਪਕਰਨਾਂ ਨੂੰ ਪਹੁੰਚਾਇਆ ਗਿਆ, ਬਿਜਲੀ ਸਪਲਾਈ ਤੇ ਫ਼ੋਨ ਕਨੈਕਸ਼ਨ ਜਿਹੀਆਂ ਸੁਵਿਧਾਵਾਂ ਵੀ ਹੌਲੀ ਹੌਲੀ ਬਹਾਲ ਹੋ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਭੂਚਾਲ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਤੇ 800 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਇਸ ਤੋਂ ਪਹਿਲਾਂ 2018 ਵਿਚ ਪਾਲੂ ਸ਼ਹਿਰ ਵਿਚ 7.5 ਤੀਬਰਤਾ ਦਾ ਭੂਚਾਲ ਅਤੇ ਉਸ ਤੋਂ ਬਾਅਦ ਸੁਨਾਮੀ ਆਈ ਸੀ। ਉਦੋਂ ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।