ਢਾਕਾ, ਨਵੀਂ ਦਿੱਲੀ, : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਚੱਕਰਵਾਤ 'ਫ਼ਨੀ' ਦੇ ਸਬੰਧ ਵਿਚ ਚਰਚਾ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਹੋ ਸਕੀ ਕਿਉਂਕਿ ਮੁੱਖ ਮੰਤਰੀ ਵਲੋਂ ਕੋਈ ਜਵਾਬ ਨਹੀਂ ਆਇਆ।
ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨਾਲ ਗੱਲਬਾਤ ਕੀਤੀ। ਅਧਿਕਾਰੀ ਨੇ ਕਿਹਾ, ''ਪ੍ਰਧਾਨ ਮੰਤਰੀ ਦੇ ਸਟਾਫ਼ ਨੇ ਦੋ ਵਾਰ ਮੋਦੀ ਦੀ ਗੱਲਬਾਤ ਮੁੱਖ ਮੰਤਰੀ ਨਾਲ ਫ਼ੋਨ 'ਤੇ ਕਰਾਉਣ ਦੀ ਕੋਸ਼ਿਸ਼ ਕੀਤੀ। ਦੋਵੇਂ ਵਾਰ ਸਟਾਫ਼ ਨੂੰ ਕਿਹਾ ਗਿਆ ਕਿ ਮੁੱਖ ਮੰਤਰੀ ਵਲੋਂ ਫ਼ੋਨ ਕੀਤਾ ਜਾਵੇਗਾ। ਇਕ ਮੌਕੇ ਉਨ੍ਹਾਂ ਨੂੰ ਕਿਹਾ ਗਿਆ ਕਿ ਮੁੱਖ ਮੰਤਰੀ ਯਾਤਰਾ 'ਤੇ ਹੈ।''
ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਤ੍ਰਿਣਮੂਲ ਕਾਂਗਰਸ ਨੇ ਮੋਦੀ 'ਤੇ ਮੁੱਖ ਮੰਤਰੀ ਤੋਂ ਚੱਕਰਵਾਤ ਫ਼ਨੀ ਦਰਮਿਆਨ ਸੂਬੇ ਦੀ ਸਥਿਤੀ ਬਾਰੇ ਜਾਣਕਾਰੀ ਨਾ ਲੈਣ ਨੂੰ ਲੈ ਕੇ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਰਾਜਪਾਲ ਨਾਲ ਹੋਈ ਗੱਲਬਾਤ ਨੂੰ ਲੈ ਕੇ ਟਵੀਟ ਕੀਤਾ ਸੀ।