ਚੰਡੀਗੜ੍ਹ : ਜੇਕਰ ਤੁਸੀਂ ਯੂਰਪੀਅਨ ਖੇਤਰ ਦੇ ਬਾਹਰ ਜਾਂ ਭਾਰਤ ਵਿੱਚ ਰਹਿੰਦੇ ਹੋ ਤਾਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਤੁਹਾਡੇ ਲਈ ਆਪਣੀ ਪ੍ਰਾਈਵੇਸੀ ਪਾਲਿਸੀ ਅਤੇ ਸ਼ਰਤਾਂ ਵਿੱਚ ਤਬਦੀਲੀ ਕਰ ਰਿਹਾ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਵਟਸਐਪ ਵਰਤੋਂ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੋਵੇਗਾ।
ਵਟਸਐਪ ਪ੍ਰਾਈਵੇਸੀ ਪਾਲਿਸੀ ਅਤੇ ਸ਼ਰਤਾਂ ਵਿੱਚ ਤਬਦੀਲੀ ਦੀ ਸੂਚਨਾ ਐਂਡਰਾਇਡ ਅਤੇ ਆਈਓਐੱਸ ਯੂਜਰਜ਼ ਨੂੰ ਇੱਕ ਨੋਟੀਫਿਕੇਸ਼ਨ ਜ਼ਰੀਏ ਦੇ ਰਿਹਾ ਹੈ। ਇਸ ਨੋਟੀਫਿਕੇਸ਼ਨ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਨਵੇਂ ਅਪਡੇਟਸ ਨੂੰ ਅੱਠ ਫਰਵਰੀ, 2021 ਤੱਕ ਸਵੀਕਾਰ ਨਹੀਂ ਕਰਦੇ ਹੋ ਤਾਂ ਤੁਹਾਡਾ ਵਟਸਐਪ ਅਕਾਊਂਟ ਡਿਲੀਟ ਕਰ ਦਿੱਤਾ ਜਾਵੇਗਾ।
ਯਾਨਿ ਪ੍ਰਾਈਵੇਸੀ ਦੇ ਨਵੇਂ ਨਿਯਮਾਂ ਅਤੇ ਨਵੀਆਂ ਸ਼ਰਤਾਂ ਨੂੰ ਮਨਜ਼ੂਰੀ ਦਿੱਤੇ ਬਿਨਾਂ ਤੁਸੀਂ ਅੱਠ ਫਰਵਰੀ ਤੋਂ ਬਾਅਦ ਵਟਸਐਪ ਦੀ ਵਰਤੋਂ ਨਹੀਂ ਕਰ ਸਕਦੇ। ਜ਼ਾਹਿਰ ਹੈ ਵਟਸਐਪ ਤੁਹਾਡੇ ਤੋਂ ਫੋਰਸਡ ਕਨਸੈਂਟ ਯਾਨਿ ਜ਼ਬਰਨ ਸਹਿਮਤੀ ਲੈ ਰਿਹਾ ਹੈ ਕਿਉਂਕਿ ਇੱਥੇ ਸਹਿਮਤੀ ਨਾ ਦੇਣ ਦਾ ਬਦਲ ਤੁਹਾਡੇ ਕੋਲ ਹੈ ਹੀ ਨਹੀਂ।
ਸਾਈਬਰ ਕਾਨੂੰਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਆਮ ਤੌਰ ’ਤੇ ਸੋਸ਼ਲ ਮੀਡੀਆ ਪਲੈਟਫਾਰਮ ਜਾਂ ਐਪਸ ਇਸ ਤਰ੍ਹਾਂ ਦੇ ਸਖ਼ਤ ਕਦਮ ਨਹੀਂ ਚੁੱਕਦੇ ਹਨ। ਆਮ ਤੌਰ ’ਤੇ ਯੂਜਰਜ਼ ਨੂੰ ਕਿਸੇ ਅਪਡੇਟ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਬਦਲ ਦਿੱਤਾ ਜਾਂਦਾ ਹੈ।
ਅਜਿਹੇ ਵਿੱਚ ਵਟਸਐਪ ਦੇ ਇਸ ਤਾਜ਼ਾ ਨੋਟੀਫਿਕੇਸ਼ਨ ਨੇ ਮਾਹਿਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਯੂਜਰ ਵਜੋਂ ਤੁਹਾਨੂੰ ਹੀ ਇਸ ਤੋਂ ਚਿੰਤਤ ਹੋਣਾ ਚਾਹੀਦਾ ਹੈ।
ਜੇਕਰ 20 ਜੁਲਾਈ 2020 ਨੂੰ ਆਖ਼ਰੀ ਵਾਰ ਅਪਡੇਟ ਕੀਤੀ ਗਈ ਵਟਸਐਪ ਦੀ ਪੁਰਾਣੀ ਪ੍ਰਾਈਵੇਸੀ ਪਾਲਿਸੀ ਨੂੰ ਦੇਖੀਏ ਤਾਂ ਇਸ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੁੰਦੀ ਹੈੇ।
ਚਾਰ ਜਨਵਰੀ, 2021 ਨੂੰ ਅਪਡੇਟ ਕੀਤੀ ਗਈ ਨਵੀਂ ਪ੍ਰਾਈਵੇਸੀ ਪਾਲਿਸੀ ਵਿੱਚ ਨਿੱਜਤਾ ਦੇ ਸਨਮਾਨ ’ਤੇ ਜ਼ੋਰ ਦਿੰਦੇ ਹੋਏ ਇਹ ਸ਼ਬਦ ਗਾਇਬ ਹੋ ਗਏ ਹਨ। ਨਵੀਂ ਪਾਲਿਸੀ ਕੁਝ ਇਸ ਤਰ੍ਹਾਂ ਹੈ।
ਸਾਡੀ ਪ੍ਰਾਈਵੇਸੀ ਪਾਲਿਸੀ ਨਾਲ ਸਾਨੂੰ ਆਪਣੀ ਡੇਟਾ ਪ੍ਰੈਕਟਿਸ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਆਪਣੀ ਪ੍ਰਾਈਵੇਸੀ ਪਾਲਿਸੀ ਤਹਿਤ ਅਸੀਂ ਦੱਸਦੇ ਹਾਂ ਕਿ ਅਸੀਂ ਤੁਹਾਡੇ ਤੋਂ ਕਿਹੜੀਆਂ ਜਾਣਕਾਰੀਆਂ ਇਕੱਠੀਆਂ ਕਰਦੇ ਹਾਂ ਅਤੇ ਇਸ ਤੋਂ ਤੁਹਾਡੇ ’ਤੇ ਕੀ ਅਸਰ ਪੈਂਦਾ ਹੈ।
ਪ੍ਰਾਈਵੇਸੀ ਪਾਲਿਸੀ ਵਿੱਚ ਕੀ ਤਬਦੀਲੀ ਹੋਈ ਹੈ?
ਫੇਸਬੁੱਕ ਨੇ ਸਾਲ 2014 ਵਿੱਚ 19 ਅਰਬ ਡਾਲਰ ਵਿੱਚ ਵਟਸਐਪ ਨੂੰ ਖਰੀਦਿਆ ਸੀ ਅਤੇ ਸਤੰਬਰ, 2016 ਤੋਂ ਹੀ ਵਟਸਐਪ ਆਪਣੇ ਯੂਜਰਜ਼ ਦਾ ਡੇਟਾ ਫੇਸਬੁੱਕ ਨਾਲ ਸ਼ੇਅਰ ਕਰਦਾ ਆ ਰਿਹਾ ਹੈ।
ਹੁਣ ਵਟਸਐਪ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਵਿੱਚ ਫੇਸਬੁੱਕ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਆਪਣੇ ਯੂਜਰਜ਼ ਦਾ ਡੇਟਾ ਸ਼ੇਅਰ ਕਰਨ ਦੀ ਗੱਲ ਦਾ ਸਾਫ਼ ਤੌਰ ’ਤੇ ਜ਼ਿਕਰ ਕੀਤਾ ਹੈ। ਵਟਸਐਪ ਆਪਣੇ ਯੂਜਰਜ਼ ਦਾ ਇੰਟਰਨੈੱਟ ਪ੍ਰੋਟੋਕੋਲ ਅਡਰੈੱਸ (ਆਈਪੀ ਅਡਰੈੱਸ) ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਹੋਰ ਥਰਡ ਪਾਰਟੀ ਨੂੰ ਦੇ ਸਕਦਾ ਹੈ।
ਵਟਸਐਪ ਹੁਣ ਤੁਹਾਡੀ ਡਿਵਾਇਸ ਤੋਂ ਬੈਟਰੀ ਲੈਵਲ, ਸਿਗਨਲ ਸਟਰੈਂਥ, ਐਪ ਵਰਜ਼ਨ, ਬ੍ਰਾਊਜ਼ਰ ਨਾਲ ਜੁੜੀਆਂ ਜਾਣਕਾਰੀਆਂ, ਭਾਸ਼ਾ, ਟਾਈਮ ਜ਼ੋਨ, ਫੋਨ ਨੰਬਰ, ਮੋਬਾਇਲ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਵਰਗੀਆਂ ਜਾਣਕਾਰੀਆਂ ਵੀ ਇਕੱਠਾ ਕਰੇਗਾ। ਪੁਰਾਣੀ ਪ੍ਰਾਈਵੇਸੀ ਪਾਲਿਸੀ ਵਿੱਚ ਇਨ੍ਹਾਂ ਦਾ ਜ਼ਿਕਰ ਨਹੀਂ ਸੀ।
--** ਜੇਕਰ ਤੁਸੀਂ ਆਪਣੇ ਮੋਬਾਇਲ ਤੋਂ ਸਿਰਫ਼ ਵਟਸਐਪ ਡਿਲੀਟ ਕਰਦੇ ਹੋ ਅਤੇ ਮਾਈ ਅਕਾਊਂਟ ਸੈਕਸ਼ਨ ਵਿੱਚ ਜਾ ਕੇ ਇਨ-ਐਪ ਡਿਲੀਟ ਦਾ ਬਦਲ ਨਹੀਂ ਚੁਣਦੇ ਹੋ ਤਾਂ ਤੁਹਾਡਾ ਪੂਰਾ ਡੇਟਾ ਵਟਸਐਪ ਕੋਲ ਰਹਿ ਜਾਵੇਗਾ। ਯਾਨਿ ਫੋਨ ਤੋਂ ਸਿਰਫ਼ ਵਟਸਐਪ ਡਿਲੀਟ ਕਰਨਾ ਕਾਫ਼ੀ ਨਹੀਂ ਹੋਵੇਗਾ।--**
ਨਵੀਂ ਪ੍ਰਾਈਵੇਸੀ ਪਾਲਿਸੀ ਵਿੱਚ ਵਟਸਐਪ ਨੇ ਸਾਫ਼ ਕਿਹਾ ਹੈ ਕਿ ਕਿਉਂਕਿ ਉਸ ਦਾ ਹੈੱਡਕੁਆਰਟਰ ਅਤੇ ਡੇਟਾ ਸੈਂਟਰ ਅਮਰੀਕਾ ਵਿੱਚ ਹੈ, ਇਸ ਲਈ ਜ਼ਰੂਰਤ ਪੈਣ ’ਤੇ ਯੂਜਰਜ਼ ਦੀਆਂ ਨਿੱਜੀ ਜਾਣਕਾਰੀਆਂ ਨੂੰ ਉੱਥੇ ਟਰਾਂਸਫਰ ਕੀਤਾ ਜਾ ਸਕਦਾ ਹੈ।
ਸਿਰਫ਼ ਅਮਰੀਕਾ ਹੀ ਨਹੀਂ ਬਲਕਿ ਜਿਨ੍ਹਾਂ ਵੀ ਦੇਸ਼ਾਂ ਵਿੱਚ ਵਟਸਐਪ ਅਤੇ ਫੇਸਬੁੱਕ ਦੇ ਦਫ਼ਤਰ ਹਨ, ਲੋਕਾਂ ਦਾ ਡੇਟਾ ਉੱਥੇ ਭੇਜਿਆ ਜਾ ਸਕਦਾ ਹੈ। ਨਵੀਂ ਪਾਲਿਸੀ ਮੁਤਾਬਿਕ ਬੇਸ਼ੱਕ ਤੁਸੀਂ ਵਟਸਐਪ ਦੇ ਲੋਕੇਸ਼ਨ ਫੀਚਰ ਦੀ ਵਰਤੋਂ ਨਾ ਕਰੋ, ਤੁਹਾਡੇ ਆਈਪੀ ਅਡਰੈੱਸ, ਫੋਨ ਨੰਬਰ, ਦੇਸ਼ ਅਤੇ ਸ਼ਹਿਰ ਵਰਗੀਆਂ ਜਾਣਕਾਰੀਆਂ ਵਟਸਐਪ ਕੋਲ ਹੋਣਗੀਆਂ।
ਜੇਕਰ ਤੁਸੀਂ ਵਟਸਐਪ ਦਾ ਬਿਜ਼ਨਸ ਅਕਾਊਂਟ ਉਪਯੋਗ ਕਰਦੇ ਹੋ ਤਾਂ ਤੁਹਾਡੀ ਜਾਣਕਾਰੀ ਫੇਸਬੁੱਕ ਸਮੇਤ ਉਸ ਬਿਜ਼ਨਸ ਨਾਲ ਜੁੜੇ ਕਈ ਹੋਰ ਪੱਖਾਂ ਤੱਕ ਪਹੁੰਚ ਸਕਦੀ ਹੈ। ਵਟਸਐਪ ਨੇ ਭਾਰਤ ਵਿੱਚ ਪੇਮੈਂਟ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਅਜਿਹੇ ਵਿੱਚ ਜੇਕਰ ਤੁਸੀਂ ਇਸ ਦਾ ਪੇਮੈਂਟ ਫੀਚਰ ਉਪਯੋਗ ਕਰਦੇ ਹੋ ਤਾਂ ਵਟਸਐਪ ਤੁਹਾਡਾ ਕੁਝ ਹੋਰ ਨਿੱਜੀ ਡੇਟਾ ਇਕੱਠਾ ਕਰੇਗਾ। ਜਿਵੇਂ ਕਿ ਤੁਹਾਡਾ ਪੇਮੈਂਟ ਅਕਾਊਂਟ ਅਤੇ ਟਰਾਂਜੈਸਕਸ਼ਨ ਨਾਲ ਜੁੜੀਆਂ ਜਾਣਕਾਰੀਆਂ। ਵਟਸਐਪ ਇਹ ਦਾਅਵਾ ਕਰ ਰਿਹਾ ਹੈ ਕਿ ਪ੍ਰਾਈਵੇਸੀ ਪਾਲਿਸੀ ਬਦਲਣ ਨਾਲ ਆਮ ਯੂਜਰਜ਼ ਦੀ ਜ਼ਿੰਦਗੀ ’ਤੇ ਕੋਈ ਅਸਰ ਨਹੀਂ ਪਵੇਗਾ, ਪਰ ਕੀ ਤੁਸੀਂ ਜੋ ਮੈਸੇਜ, ਵੀਡਿਓ, ਆਡਿਓ ਅਤੇ ਡਾਕੂਮੈਂਟ ਵਟਸਐਪ ਜ਼ਰੀਏ ਇੱਕ-ਦੂਜੇ ਨੂੰ ਭੇਜਦੇ ਹੋ, ਉਸ ਨੂੰ ਲੈ ਕੇ ਤੁਹਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ?
ਜਾਣਕਾਰੀ ਮੁਤਾਬਕ 2019 ਵਿੱਚ ਇਜ਼ਰਾਇਲੀ ਕੰਪਨੀ ਪੇਗਾਸਸ ਨੇ ਕਿਵੇਂ ਵਟਸਐਪ ਜ਼ਰੀਏ ਹਜ਼ਾਰਾਂ ਭਾਰਤੀਆਂ ਦੀ ਜਾਸੂਸੀ ਕੀਤੀ, ਇਹ ਸਭ ਦੇ ਸਾਹਮਣੇ ਹੈ। ਸਾਲ 2016 ਦੀਆਂ ਅਮਰੀਕੀ ਚੋਣਾਂ ਵਿੱਚ ਫੇਸਬੁੱਕ ਦਾ ਕੈਂਬਰਿਜ ਅਨਾਲਿਟਿਕਾ ਸਕੈਂਡਲ ਵੀ ਕਿਸੇ ਤੋਂ ਛੁਪਿਆ ਨਹੀਂ ਹੈ।
ਹਾਲ ਹੀ ਦੇ ਕੁਝ ਦਿਨਾਂ ਵਿੱਚ ਭਾਰਤ ਵਿੱਚ ਵੀ ਫੇਸਬੁੱਕ ਦੀ ਭੂਮਿਕਾ ’ਤੇ ਸਵਾਲ ਉੱਠੇ ਹਨ। ਅਜਿਹੇ ਵਿੱਚ ਜਦੋਂ ਵਟਸਐਪ ਫੇਸਬੁੱਕ ਦੇ ਅਧੀਨ ਹੈ ਅਤੇ ਇਹ ਜਨਤਕ ਤੌਰ ’ਤੇ ਫੇਸਬੁੱਕ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਯੂਜਰਜ਼ ਦਾ ਡੇਟਾ ਸ਼ੇਅਰ ਕਰਨ ਦੀ ਗੱਲ ਕਹਿ ਰਿਹਾ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਵਟਸਐਪ ਦਾ ਇਸ ’ਤੇ ਕੀ ਕਹਿਣਾ ਹੈ?
ਇਨ੍ਹਾਂ ਸਾਰੀਆਂ ਚਿੰਤਾਵਾਂ ਦੇ ਬਾਵਜੂਦ ਵਟਸਐਪ ਦਾ ਕਹਿਣਾ ਹੈ ਕਿ ਉਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨਾਲ ਇਸ ’ਤੇ ਕੋਈ ਫਰਕ ਨਹੀਂ ਪਵੇਗਾ ਕਿ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਕਿਵੇਂ ਗੱਲ ਕਰਦੇ ਹੋ।
ਖ਼ਬਰ ਅਨੁਸਾਰ ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਜ਼ਿਆਦਾਤਰ ਲੋਕ ਵਟਸਐਪ ਦੀ ਵਰਤੋਂ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਗੱਲ ਕਰਨ ਲਈ ਕਰਦੇ ਹਨ, ਪਰ ਹੁਣ ਬਹੁਤ ਸਾਰੇ ਲੋਕ ਬਿਜ਼ਨਸ ਲਈ ਵੀ ਇਸ ਦੀ ਵਰਤੋਂ ਕਰਨ ਲੱਗੇ ਹਨ।
ਬੁਲਾਰੇ ਅਨੁਸਾਰ, ਸਾਡੀ ਨਵੀਂ ਪ੍ਰਾਈਵੇਟ ਪਾਲਿਸੀ ਦੇ ਬਾਅਦ ਕਾਰੋਬਾਰੀਆਂ ਲਈ ਆਪਣੇ ਗਾਹਕਾਂ ਤੱਕ ਪਹੁੰਚਣਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਆਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਯੂਜ਼ਰ ’ਤੇ ਹੈ ਕਿ ਉਹ ਬਿਜ਼ਨਸ ਵਾਲੇ ਅਕਾਊਂਟਸ ਤੋਂ ਵਟਸਐਪ ’ਤੇ ਗੱਲ ਕਰੇ ਜਾਂ ਨਾ ਕਰੇ।
ਬੁਲਾਰੇ ਨੇ ਕਿਹਾ, ਸਾਡੀ ਪਾਲਿਸੀ ਅਪਡੇਟ ਨਾਲ ਫੇਸਬੁੱਕ ਨਾਲ ਯੂਜਰਜ਼ ਦਾ ਡੇਟਾ ਸ਼ੇਅਰ ਕਰਨ ਦੇ ਤਰੀਕਿਆਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਵਟਸਐਪ ਅਤੇ ਫੇਸਬੁੱਕ ਦੋਵੇਂ ਹੀ ਆਪਣੇ ਯੂਜਰਜ਼ ਦੀ ਨਿੱਜਤਾ ਦੀ ਸੁਰੱਖਿਆ ਲਈ ਵਚਨਬੱਧ ਹਨ।
ਪੂਰੇ ਵਿਵਾਦ ਤੋਂ ਬਾਅਦ ਵੈਟਸਐਪ ਨੇ ਕੀ ਕਿਹਾ?
ਵਟਸਐਪ ਕਦੇ ਤੁਹਾਡੇ ਨਿਜੀ ਮੈਸੇਜ ਨਹੀਂ ਪੜ੍ਹ ਸਕਦਾ ਅਤੇ ਨਾ ਹੀ ਤੁਹਾਡੀ ਕਾਲ ਸੁਣ ਸਕਦਾ ਹੈ। ਨਾ ਹੀ ਅਜਿਹਾ ਫੇਸਬੁੱਕ ਕਰ ਸਕਦਾ ਹੈ।
ਵਟਸਐਪ ਇਹ ਡਾਟਾ ਨਹੀਂ ਰੱਖਦਾ ਕਿ ਕੌਣ ਮੈਸੇਜ ਜਾਂ ਕਾਲ ਕਰ ਰਿਹਾ ਹੈ।
ਵਟਸਐਪ ਜਾਂ ਫੇਸਬੁੱਕ ਤੁਹਾਡੇ ਵਲੋਂ ਸ਼ੇਅਰ ਕੀਤੀ ਗਈ ਲੋਕੇਸ਼ਨ ਨਹੀਂ ਵੇਖ ਸਕਦੇ।
ਵਟਸਐਪ, ਫੇਸਬੁੱਕ ਦੇ ਨਾਲ ਤੁਹਾਡੇ ਕਨਟੈਕਟ ਸ਼ੇਅਰ ਨਹੀਂ ਕਰਦਾ।
•ਵਟਸਐਪ ਦੇ ਗਰੁੱਪ ਵੀ ਪ੍ਰਾਈਵੇਟ ਹੀ ਰਹਿੰਦੇ ਹਨ।
•ਤੁਸੀਂ ਆਪਣੇ ਮੈਸੇਜ ਡਿਲੀਟ ਕਰ ਸਕਦੇ ਹੋ।
•ਤੁਸੀਂ ਆਪਣਾ ਡਾਟਾ ਡਾਊਨਲੋਡ ਕਰ ਸਕਦੇ ਹੋ।