ਬਿਨਾਂ ਹੋਲੋਗ੍ਰਾਮ ਦੇ ਬਾਇਓ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ
ਮੁਹਾਲੀ : ''ਆਪ੍ਰੇਸ਼ਨ ਰੈਡ ਰੋਜ਼” ਤਹਿਤ ਆਬਕਾਰੀ ਵਿਭਾਗ ਨੇ ਜ਼ੀਰਕਪੁਰ ਇਲਾਕੇ ਵਿੱਚ ਸਕੌਚ ਦੀਆਂ ਬੋਤਲਾਂ ਵਿੱਚ ਸਸਤੇ ਬ੍ਰਾਂਡ ਦੀ ਸ਼ਰਾਬ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਪੰਜਾਬ ਆਬਕਾਰੀ ਕਮਿਸ਼ਨਰ ਰਾਜਤ ਅਗਰਵਾਲ (ਆਈ.ਏ.ਐੱਸ) ਅਤੇ ਆਈ.ਜੀ. ਕਰਾਈਮ ਮੁਨੀਸ਼ ਚਾਵਲਾ ਨੇ ਦੱਸਿਆ ਕਿ ਮੁਹਾਲੀ ਐਕਸਾਈਜ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਚੰਡੀਗੜ ਤੋਂ ਪੰਜਾਬ ਵਿੱਚ ਸਸਤੀ ਸ਼ਰਾਬ ਦੀ ਤਸਕਰੀ ਅਤੇ ਅੱਗੇ ਇਸਨੂੰ ਬਾਇਓ / ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ਵਿੱਚ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਹਨ। ਸਾਹਮਣੇ ਆਇਆ ਕਿ ਜਤਿੰਦਰ ਪਾਲ ਸਿੰਘ ਉਰਫ ਜੇਪੀ ਇਸ ਘੁਟਾਲੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ। 5 ਜਨਵਰੀ ਦੀ ਦਰਮਿਆਨੀ ਰਾਤ ਗੁਪਤ ਸੂਚਨਾ ‘ਤੇ ਜ਼ੀਰਕਪੁਰ ਵਿਖੇ ਜਤਿੰਦਰਪਾਲ ਸਿੰਘ ਨੂੰ ਸਾਥੀਆਂ ਸਣੇ ਗਿ੍ਰਫਤਾਰ ਕਰਕੇ ਬਲੈਕ ਲੇਬਲ ਦੀਆਂ 80 ਖਾਲੀ ਬੋਤਲਾਂ, ਬਲੈਕ ਲੇਬਲ ਦੇ 55 ਮੋਨੋ ਕਾਰਟਨਸ, ਰੈੱਡ ਲੇਬਲ ਦੀਆਂ 10 ਖਾਲੀ ਬੋਤਲਾਂ, ਚੀਵਾਸ ਰੀਗਲ ਦੇ 35 ਢੱਕਣ, ਚੀਵਾਸ ਰੀਗਲ ਦੇ 30 ਲੇਬਲ, ਚੀਵਾਸ ਰੀਗਲ ਦੇ 100 ਅਣਵਰਤੇ ਢੱਕਣ ਬਰਾਮਦ ਹੋਏ। ਟੀਮ ਨੂੰ ਮੌਕੇ ’ਤੇ ਮੁਲਜ਼ਮ ਦੀ ਕਾਰ ਵੀ ਮਿਲੀ ਜਿਸ ਵਿੱਚੋਂ ਵਿਚੋਂ ਰੈਡ ਲੇਬਲ ਦੇ 6 ਕੇਸ ਅਤੇ ਬਲੈਕ ਲੇਬਲ ਦੇ 2 ਕੇਸ ਮਿਲੇ। ਬਾਅਦ ਵਿੱਚ ਟੀਮ ਨੇ ਜਤਿੰਦਰ ਪਾਲ ਸਿੰਘ ਦੀ ਰਹਾਇਸ਼ ਜੀਰਕਪੁਰ ਵਿਖੇ ਛਾਪਾ ਮਾਰਿਆ। ਟੀਮ ਨੇ ਬਲੈਕ ਲੇਬਲ ਦੀਆਂ ਭਰੀਆਂ 11 ਬੋਤਲਾਂ, ਆਲ ਸੀਜਨ ਦੀਆਂ 12 ਖਾਲੀ ਬੋਤਲਾਂ ਅਤੇ 555 ਗੋਲਡ ਦੀਆਂ 12 ਬੋਤਲਾਂ ਬਰਾਮਦ ਕੀਤੀਆਂ। ਇਸ ਤੋਂ ਬਾਅਦ ਟੀਮ ਨੇ ਜਮੁਨਾ ਇਨਕਲੇਵ ਜੀਰਕਪੁਰ ਵਿਖੇ ਜਤਿੰਦਰ ਸਿੰਘ ਅਤੇ ਵਿਜੇ ਕੁਮਾਰ ਦੇ ਗੋਦਾਮ-ਕਮ-ਰਹਾਇਸ਼ ’ਤੇ ਛਾਪਾ ਮਾਰਿਆ ਜਿੱਥੋਂ ਬਲੈਕ ਲੇਬਲ ਦੀਆਂ 54 ਬੋਤਲਾਂ, ਰੈੱਡ ਲੇਬਲ ਦੀਆਂ 12 ਬੋਤਲਾਂ, 07 ਬੋਤਲਾਂ ਰਾਇਲ ਸੈਲਿਊਟ, 60 ਬੋਤਲਾਂ ਨੈਨਾ, 12 ਬੋਤਲਾਂ ਬਲਿਊ ਲੇਬਲ, ਰੈੱਡ ਲੇਬਲ ਦੀਆਂ 60 ਖਾਲੀ ਬੋਤਲਾਂ, ਐਬਸੋਲੂਟ ਵੋਦਕਾ ਦੀਆਂ 32 ਖਾਲੀ ਬੋਤਲਾਂ, ਰੈੱਡ ਲੇਬਲ ਦੀ 80 ਖਾਲੀ ਟੀਨ ਪੈਕਿੰਗ, ਮੋਨੋ ਕਾਰਟਨਸ ਨਾਲ ਗਲੈਨਫਿਡਿਚ ਦੀਆਂ 90 ਖਾਲੀ ਬੋਤਲਾਂ, ਮੋਨੋ ਕਾਰਟਨਸ ਨਾਲ ਬਲੈਕ ਡੌਗ ਦੀਆਂ 136 ਖਾਲੀ ਬੋਤਲਾਂ, ਵੋਦਕਾ ਦੇ 18 ਕਾਰਟਨਸ, ਬਲਿਊ ਲੇਬਲ ਦੇ 20 ਮੋਨੋ ਕਾਰਟਨਸ, ਰੈੱਡ ਲੇਬਲ ਦੇ 136 ਮੋਨੋ ਕਾਰਟਨਸ, ਰੈਡ ਲੇਬਲ ਦੇ 80 ਅਣਵਰਤੇ ਢੱਕਣ, ਚੀਵਾਸ ਰੀਗਲ ਦੇ 300 ਨੈੱਕ ਲੇਬਲ, ਚੀਵਾਸ ਰੀਗਲ ਦੇ 500 ਅਣਵਰਤੇ ਢੱਕਣ ਅਤੇ 25 ਲੀਟਰ ਈ.ਐਨ.ਏ. ਬਰਾਮਦ ਕੀਤੀ ਗਈ। ਜਾਂਚ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਚੰਡੀਗੜ ਅਧਾਰਤ ਸਰਾਬ ਦੇ ਠੇਕੇਦਾਰ ਆਸੂ ਗੋਇਲ ਤੋਂ ਸਸਤੀ ਸ਼ਰਾਬ ਦੇ ਬਾਂਡਸ ਜਿਵੇਂ 555 ਅਤੇ ਆਲ ਸੀਜਨ ਦੀ ਬਕਾਇਦਾ ਤੌਰ ’ਤੇ ਤਸਕਰੀ ਕਰਦਾ ਹੈ ਅਤੇ ਨਵੀਂ ਦਿੱਲੀ ਤੋਂ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਖਰੀਦਦਾ ਹੈ।
ਉਹ ਜਮਨਾ ਐਨਕਲੇਵ ਦੇ ਇਕ ਗੋਦਾਮ ਵਿਚ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਸਟੋਰ ਕਰਦਾ ਸੀ, ਪਰ ਸਸਤੀ ਬ੍ਰਾਂਡ ਦੀ ਸਰਾਬ ਆਪਣੀ ਰਿਹਾਇਸ ਵਿਖੇ ਰੱਖਦਾ ਸੀ ।ਫਿਰ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਸਮੱਗਰੀ ਨੂੰ ਆਪਣੀ ਰਿਹਾਇਸ ’ਤੇ ਲਿਆਉਂਦਾ ਹੈ ਅਤੇ ਉਥੇ ਬੋਤਲਾਂ ਭਰਦਾ ਹੈ। ਉਸ ਨੇ ਚੰਡੀਗੜ ਅਤੇ ਹੋਰ ਇਲਾਕਿਆਂ ਵਿਚ ਬੋਤਲਾਂ ’ਚ ਭਰੀ ਤਿਆਰ ਸ਼ਰਾਬ ਦੀ ਸਪਲਾਈ ਲਈ ਆਪਣੀ ਕਾਰ ਦੀ ਵਰਤੋਂ ਕੀਤੀ।
ਉਸਨੇ ਇਹ ਵੀ ਮੰਨਿਆ ਕਿ ਦੂਸਰੇ ਰਾਜਾਂ ਤੋਂ ਕੁਝ ਤਸਕਰ ਉਸਦੀ ਰਿਹਾਇਸ ਉੱਤੇ ਡਿਲਿਵਰੀ ਲੈਣ ਆਉਂਦੇ ਹਨ। ਜਤਿੰਦਰਪਾਲ ਸਿੰਘ ਉਰਫ ਜੇਪੀ ਪੁੱਤਰ ਹਰਮੋਹਨ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜਲ, ਟਾਵਰ ਨੰ. 19, ਮੋਤੀਆ ਐਨਕਲੇਵ, ਜ਼ੀਰਕਪੁਰ (2) ਜਤਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਪਿੰਡ ਬਰਬੈਨ, ਕੁਰੂਕਸੇਤਰ (3) ਕਰਨ ਗੋਸਵਾਮੀ ਪੁੱਤਰ ਗੁਰਨਾਮ ਪਾਲ ਸਿੰਘ ਵਾਸੀ ਮਕਾਨ ਨੰ. ਸ਼ਿਵਾ ਐਨਕਲੇਵ, ਭਬਾਤ, ਜੀਰਕਪੁਰ ਅਤੇ (4) ਵਿਜੇ ਪੁੱਤਰ ਰਜਿੰਦਰ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜਲ, ਟਾਵਰ ਨੰ. 19 , ਮੋਤੀਆ ਐਨਕਲੇਵ, ਜੀਰਕਪੁਰ ਖਿਲਾਫ਼ ਪੁਲੀਸ ਥਾਣਾ ਜ਼ੀਰਕਪੁਰ ਵਿਖੇ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਅਤੇ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਐਫਆਈਆਰ ਨੰ. 07 ਮਿਤੀ 05.01.2021 ਦਰਜੀ ਕੀਤੀ ਗਈ ਹੈ। ਬਾਅਦ ਵਿੱਚ ਅਸਲਾ ਐਕਟ ਦੀ ਧਾਰਾ 25, 27, 54 ਅਤੇ ਆਈ.ਪੀ.ਸੀ. ਦੀ ਧਾਰਾ 419, 170, 171, 328 ਵੀ ਜੋੜ ਦਿੱਤੀ ਗਈ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਦੋਸੀ ਅਤੇ ਉਸਦੇ ਸਾਥੀਆਂ ਦੀ ਗੁਰਪ੍ਰੀਤ ਸਿੱਧੂ ਵਾਸੀ ਮੋਤੀਆ ਰਾਇਲ ਸਿਟੀ, ਜੀਰਕਪੁਰ ਨਾਲ ਕਾਫ਼ੀ ਨੇੜਤਾ ਸੀ।